
ਨਿਫਟੀ 25,000 ਅੰਕ ਡਿੱਗਿਆ
ਮੁੰਬਈ: ਵਿਦੇਸ਼ੀ ਫੰਡਾਂ ਦੀ ਨਿਰੰਤਰ ਨਿਕਾਸੀ ਅਤੇ ਆਲਮੀ ਬਾਜ਼ਾਰਾਂ ’ਚ ਕਮਜ਼ੋਰ ਰੁਝਾਨ ਦੇ ਵਿਚਕਾਰ ਸੂਚਨਾ ਤਕਨਾਲੋਜੀ ਅਤੇ ਆਟੋ ਸ਼ੇਅਰਾਂ ’ਚ ਵਿਕਰੀ ਕਾਰਨ ਬੁਧਵਾਰ ਨੂੰ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 319 ਅੰਕ ਡਿੱਗ ਗਿਆ, ਜਦਕਿ ਨਿਫਟੀ 25,000 ਦੇ ਪੱਧਰ ਤੋਂ ਹੇਠਾਂ ਆ ਗਿਆ।
30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਦੂਜੇ ਸੈਸ਼ਨ ’ਚ 318.76 ਅੰਕ ਯਾਨੀ 0.39 ਫੀ ਸਦੀ ਦੀ ਗਿਰਾਵਟ ਨਾਲ 81,501.36 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 461.86 ਅੰਕ ਡਿੱਗ ਕੇ 81,358.26 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 86.05 ਅੰਕ ਯਾਨੀ 0.34 ਫੀ ਸਦੀ ਡਿੱਗ ਕੇ 24,971.30 ਅੰਕ ’ਤੇ ਬੰਦ ਹੋਇਆ।
ਸੈਂਸੈਕਸ ਦੀਆਂ ਕੰਪਨੀਆਂ ’ਚ ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਕੋਟਕ ਮਹਿੰਦਰਾ ਬੈਂਕ, ਜੇਐਸਡਬਲਯੂ ਸਟੀਲ, ਅਡਾਨੀ ਪੋਰਟਸ, ਟਾਟਾ ਮੋਟਰਜ਼, ਆਈ.ਟੀ. ਸੀ ਅਤੇ ਟਾਈਟਨ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਐਚ.ਡੀ.ਐਫ.ਸੀ. ਬੈਂਕ, ਭਾਰਤੀ ਏਅਰਟੈੱਲ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ’ਚ ਵਾਧਾ ਹੋਇਆ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਵਿੱਤੀ ਸਾਲ 2024-25 ’ਚ ਕੰਪਨੀਆਂ ਦੀ ਘੱਟ ਕਮਾਈ ਦੇ ਡਰ ਕਾਰਨ ਬਾਜ਼ਾਰ ’ਚ ਨਕਾਰਾਤਮਕ ਰੁਝਾਨ ਦੇ ਨਾਲ ਤੰਗ ਘੇਰੇ ’ਚ ਕਾਰੋਬਾਰ ਹੋਇਆ। ਇਹ ਪ੍ਰੀਮੀਅਮ ਮੁਲਾਂਕਣ ਦੀ ਸਥਿਰਤਾ ਨੂੰ ਪ੍ਰਭਾਵਤ ਕਰ ਸਕਦਾ ਹੈ।
ਨਾਇਰ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਕਮਾਈ ਦੇ ਵਾਧੇ ਦੀ ਰਫਤਾਰ ਹੌਲੀ ਹੋਣ ਦੀ ਉਮੀਦ ਹੈ। ਇਹ ਕਮਜ਼ੋਰ ਮੰਗ ਅਤੇ ਕੱਚੇ ਮਾਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਦੇ ਕਾਰਨ ਹੋ ਸਕਦਾ ਹੈ। ਵਿਆਪਕ ਬਾਜ਼ਾਰ ’ਚ ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.10 ਫੀ ਸਦੀ ਡਿੱਗਿਆ, ਜਦਕਿ ਸਮਾਲਕੈਪ ਇੰਡੈਕਸ 0.31 ਫੀ ਸਦੀ ਵਧਿਆ।
ਸੈਕਟਰ ਦੇ ਹਿਸਾਬ ਨਾਲ ਆਈ.ਟੀ. ਸੈਗਮੈਂਟ ’ਚ 1.17 ਫੀ ਸਦੀ ਅਤੇ ਆਟੋ ’ਚ 0.97 ਫੀ ਸਦੀ ਦੀ ਗਿਰਾਵਟ ਆਈ, ਜਦਕਿ ਦੂਰਸੰਚਾਰ ਅਤੇ ਰੀਅਲਟੀ ’ਚ ਕ੍ਰਮਵਾਰ 0.91 ਫੀ ਸਦੀ ਅਤੇ 0.64 ਫੀ ਸਦੀ ਦੀ ਗਿਰਾਵਟ ਆਈ।
ਮਹਿਤਾ ਇਕੁਇਟੀਜ਼ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਰੀਸਰਚ) ਪ੍ਰਸ਼ਾਂਤ ਤਾਪਸੇ ਨੇ ਕਿਹਾ ਕਿ ਨਿਵੇਸ਼ਕਾਂ ਨੇ ਚੋਣਵੇਂ ਸ਼ੇਅਰਾਂ ’ਚ ਮੁਨਾਫਾ ਬੁਕਿੰਗ ਨੂੰ ਤਰਜੀਹ ਦਿਤੀ, ਜਿਸ ਕਾਰਨ ਬਾਜ਼ਾਰ ਨਕਾਰਾਤਮਕ ਧਾਰਨਾ ਦੇ ਪ੍ਰਭਾਵ ਹੇਠ ਰਿਹਾ। ਕਮਜ਼ੋਰ ਗਲੋਬਲ ਸੰਕੇਤਾਂ ਨੇ ਵੀ ਬਾਜ਼ਾਰ ਦੀ ਸਮੁੱਚੀ ਕਮਜ਼ੋਰੀ ’ਚ ਵਾਧਾ ਕੀਤਾ। ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਕਾਰਨ ਘਰੇਲੂ ਵਪਾਰੀ ਵੀ ਸਾਵਧਾਨ ਹੋ ਗਏ ਹਨ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 1,748.71 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ਨਾਲ ਬੰਦ ਹੋਏ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇਜ਼ੀ ਨਾਲ ਬੰਦ ਹੋਇਆ। ਦੁਪਹਿਰ ਦੇ ਕਾਰੋਬਾਰ ’ਚ ਯੂਰਪੀਅਨ ਬਾਜ਼ਾਰ ਨਕਾਰਾਤਮਕ ਖੇਤਰ ’ਚ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ।
ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.08 ਫੀ ਸਦੀ ਦੀ ਤੇਜ਼ੀ ਨਾਲ 74.32 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਨੂੰ 152.93 ਅੰਕ ਡਿੱਗ ਕੇ 81,820.12 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 70.60 ਅੰਕ ਡਿੱਗ ਕੇ 25,057.35 ’ਤੇ ਬੰਦ ਹੋਇਆ।