
ਸਿਰਫ਼ ਪੰਜਾਬ ਦੇ ਹੀ ਪੰਜ ਹਜ਼ਾਰ ਤੋਂ ਵੱਧ ਖਿਡਾਰੀ ਹੋਏ ਪ੍ਰਭਾਵਤ
ਜਲੰਧਰ(ਪ੍ਰਮੋਦ ਕੌਸ਼ਲ): ਬੈਡਮਿੰਟਨ ਨੂੰ ਅੱਜ ਦੀ ਤਰੀਕ ਵਿਚ ਮਹਿੰਗੀ ਗੇਮ ਵਜੋਂ ਦੇਖਿਆ ਜਾਂਦਾ ਹੈ। ਇਸ ਦੇ ਪਿੱਛੇ ਸੱਭ ਤੋਂ ਵੱਡੀ ਵਜ੍ਹਾ ਸ਼ਟਲ ਦੇ ਰੇਟਾਂ ਵਿਚ ਆਏ ਜ਼ਬਰਦਸਤ ਉਛਾਲ ਨੂੰ ਮੰਨਿਆ ਜਾ ਰਿਹਾ ਹੈ। ਜਿਹੜਾ ਸ਼ਟਲ ਦਾ ਡੱਬਾ ਕਿਸੇ ਸਮੇਂ ਤੇ 225 ਤੋਂ 250 ਰੁਪਏ ਦਾ ਹੁੰਦਾ ਸੀ, ਉਸ ਦੇ ਰੇਟ ਤਾਂ ਪਹਿਲਾਂ ਹੀ ਅਸਮਾਨੋਂ ਪਾਰ ਜਾ ਪਹੁੰਚੇ ਸੀ ਤੇ ਹੁਣ ਕੋਰੋਨਾ ਨੇ ਇਨ੍ਹਾਂ ਰੇਟਾਂ ਵਿਚ ਹੀ ਇਜ਼ਾਫ਼ਾ ਨਹੀਂ ਕੀਤਾ ਸਗੋਂ ਕੁੱਝ ਦੁਕਾਨਦਾਨਾਂ ਵਲੋਂ ਤਾਂ ਸਟਾਕ ਨਾ ਹੋਣ ਦਾ ਹਵਾਲਾ ਦੇ ਕੇ ਸ਼ਟਲ ਦੇ ਰੇਟ ਵੀ ਮਨਮਰਜ਼ੀ ਦੇ ਵਸੂਲੇ ਜਾ ਰਹੇ ਹਨ।
Badminton
ਇਹੋ ਕਾਰਨ ਹੈ ਕਿ ਮੀਡੀਅਮ ਪਰਵਾਰਾਂ ਤੋਂ ਆਉਣ ਵਾਲੇ ਖਿਡਾਰੀਆਂ ਲਈ ਰੋਜ਼ਾਨਾ 100 ਤੋਂ 150 ਰੁਪਏ ਦੀ ਸ਼ਟਲ ਨਾਲ ਪ੍ਰੈਕਟਿਸ ਕਰਨਾ ਮੁਸ਼ਕਲ ਹੋ ਰਿਹਾ ਹੈ। ਤੁਸੀ ਹੈਰਾਨ ਹੋਵੋਗੇ ਕਿ ਜਲੰਧਰ ਸੱਭ ਤੋਂ ਵੱਡਾ ਖੇਡਾਂ ਦਾ ਸਮਾਨ ਬਣਾਉਣ ਵਾਲਾ ਬਾਜ਼ਾਰ ਹੈ ਪਰ ਸ਼ਟਲ ਬਣਾਉਣ ਦਾ ਕੰਮ ਸਿਰਫ਼ ਚੀਨ ਹੀ ਕਰਦਾ ਹੈ ਅਤੇ ਬੀਤੇ ਸਾਲਾਂ ਵਿਚ ਬਰਡ ਫ਼ਲੂ ਕਰ ਕੇ ਡੱਕ ਫੈਦਰ ਦੇ ਡਾਇਰੈਕਟ ਇੰਪੋਰਟ ਉਤੇ ਰੋਕ ਲਾ ਦਿਤੀ ਗਈ ਅਤੇ ਹੁਣ ਕੋਰੋਨਾ ਕਰ ਕੇ ਭਾਰਤ ਦੇ ਚੀਨ ਨਾਲ ਵਿਗੜੇ ਹੋਏ ਰਿਸ਼ਤਿਆਂ ਦਾ ਅਸਰ ਸਿੱਧੇ ਤੌਰ ਉਤੇ ਬੈਡਮਿੰਟਨ ਉਤੇ ਵੀ ਪੈ ਰਿਹਾ ਹੈ ਜਿਸ ਦਾ ਖਿਡਾਰੀਆਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਚੀਨ ਤੋਂ ਆਉਣ ਵਾਲੇ ਸਮਾਨ ਦੀ ਰਫ਼ਤਾਰ ਕਾਫ਼ੀ ਮੱਠੀ ਹੋ ਗਈ ਹੈ।
Corona virus
ਡੱਕ ਫੈਦਰ (ਬਤੱਖ ਦੇ ਫ਼ਰ) ਨਾਲ ਪ੍ਰੋਫ਼ੈਸ਼ਨਲ ਮੈਚਾਂ ਲਈ ਬਣਨ ਵਾਲੀ ਇਨਡੋਰ ਸ਼ਟਲ ਦਾ ਵਜ਼ਨ 4.74 ਗ੍ਰਾਮ ਹੁੰਦਾ ਹੈ ਜਦਕਿ ਹੈੱਨ ਫ਼ੈਦਰ (ਕੁਕੜੀ ਦੇ ਫ਼ਰ) ਨਾਲ ਬਣਨ ਵਾਲੀ ਸ਼ਟਲ ਦਾ ਵਜ਼ਨ ਇਸ ਤੋਂ ਥੋੜਾ ਜ਼ਿਆਦਾ ਹੁੰਦਾ ਹੈ ਕਿਉਂਕਿ ਕੁਕੜੀ ਦੇ ਖੰਬ ਬਤੱਖ ਮੁਕਾਬਲੇ ਭਾਰੇ ਪਨੇ ਵਿਚ ਹੁੰਦੇ ਹਨ। ਕੋਰੋਨਾ ਤੋਂ ਪਹਿਲਾਂ ਤਕ ਸ਼ਟਲ ਨੂੰ ਚੀਨ ਤੋਂ ਇੰਪੋਰਟ ਕੀਤਾ ਜਾਣਾ ਭਾਰਤ ਹੀ ਨਹੀਂ ਸਗੋਂ ਸਾਰੇ ਦੇਸ਼ਾਂ ਦੀ ਮਜਬੂਰੀ ਬਣਿਆ ਹੋਇਆ ਹੈ ਕਿਉਂਕਿ ਵ੍ਹਾਈਟ ਡੱਕ ਦੀ ਸੱਭ ਤੋਂ ਜ਼ਿਆਦਾ ਗਿਣਤੀ ਹੀ ਚੀਨ ਵਿਚ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਉਥੇ ਡੱਕ ਨੂੰ ਠੀਕ ਉਸੇ ਤਰ੍ਹਾਂ ਪਾਲਿਆ ਜਾਂਦਾ ਹੈ ਜਿਵੇਂ ਭਾਰਤ ਵਿਚ ਗਾਂ-ਮੱਝ ਜਾਂ ਭੇਡ-ਬੱਕਰੀ ਨੂੰ ਪਾਲਿਆ ਜਾਂਦਾ ਹੈ। ਸਪੱਸ਼ਟ ਲਫਜ਼ਾਂ ਵਿਚ ਕਿਹਾ ਜਾਵੇ ਤਾਂ ਸ਼ਟਲ ਚੀਨ ਤੋਂ ਅਲਾਵਾ ਕੋਈ ਹੋਰ ਬਣਾਉਂਦਾ ਹੀ ਨਹੀਂ ਅਤੇ ਸ਼ਟਲ ਦੇ ਕਾਰੋਬਾਰ ਵਿਚ ਚੀਨ ਦੀ ਪੂਰੀ ਤਰ੍ਹਾਂ ਨਾਲ ਮਨੌਪਲੀ ਹੈ, ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ।
duck
ਦਸਿਆ ਜਾ ਰਿਹਾ ਹੈ ਕਿ ਬੀਤੇ ਵਰਿ੍ਹਆਂ ਦੌਰਾਨ ਜਦੋਂ ਭਾਰਤ ਵਿਚ ਬਰਡ ਫਲੂ ਫੈਲਣ ਕਰ ਕੇ ਸੱਭ ਤੋਂ ਵੱਧ ਨੁਕਸਾਨ ਜੇਕਰ ਕਿਸੇ ਗੇਮ ਦਾ ਹੋਇਐ ਤਾਂ ਉਹ ਬੈਡਮਿੰਟਨ ਹੀ ਕਹੀ ਜਾ ਸਕਦੀ ਹੈ ਕਿਉਂਕਿ ਉਸ ਸਮੇਂ ਵਿਚ ਭਾਰਤ ਸਰਕਾਰ ਨੇ ਤੁਰਤ ਫ਼ੈਸਲਾ ਲੈਂਦੇ ਹੋਏ ਚੀਨ ਤੋਂ ਆਉਣ ਵਾਲੇ ਡੱਕ ਫੈਦਰ ਉਤੇ ਰੋਕ ਲਾ ਦਿਤੀ ਸੀ। ਉਦੋਂ ਪੋਲਟ੍ਰੀ ਫ਼ਾਰਮਾਂ ਦਾ ਵੀ ਖਾਸਾ ਨੁਕਸਾਨ ਹੋਇਆ ਸੀ। ਇਸ ਦਾ ਦੂਸਰਾ ਨੁਕਸਾਨ ਇਹ ਹੋਇਆ ਕਿ ਪਹਿਲਾਂ ਤੋਂ ਜਿਹੜੇ ਲੋਕ ਸਿੱਧੇ ਚੀਨ ਤੋਂ ਫੈਦਰ ਮੰਗਵਾ ਕੇ ਸ਼ਟਲ ਬਣਾਉਣ ਦਾ ਕਾਰੋਬਾਰ ਕਰਦੇ ਸੀ ਉਨ੍ਹਾਂ ਦਾ ਧੰਦਾ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ। ਇਸ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਜਲੰਧਰ, ਚੇਨੰਈ, ਮੇਰਠ ਵਰਗੇ ਸ਼ਹਿਰਾਂ ਨੂੰ ਹੋਇਆ ਜਿੱਥੇ ਸ਼ਟਲ ਦਾ ਕਾਰੋਬਾਰ ਵੱਡੇ ਪੱਧਰ ਤੇ ਹੁੰਦਾ ਸੀ ਤੇ ਉਹ ਪੂਰੀ ਤਰ੍ਹਾਂ ਨਾਲ ਠੱਪ ਹੀ ਹੋ ਗਿਆ। ਹੁਣ ਵੀ ਜਿਹੜੀ ਸ਼ਟਲ ਚੀਨ ਤੋਂ ਆਉਂਦੀ ਹੈ ਉਸ ਨੂੰ ਦੋ ਮਹੀਨੇ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਵਿਚ ਵੇਅਰ ਹਾਊਸ ਵਿਚ ਰਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਸ਼ਟਲ ਭਾਰਤ ਵਿਚ ਆਉਣ ਦੀ ਇਜਾਜ਼ਤ ਹੈ।
ਬੈਡਮਿੰਟਨ ਨਾਲ ਜੁੜੇ ਕੁੱਝ ਕੋਚ ਅਤੇ ਖਿਡਾਰੀਆਂ ਦੀ ਮੰਨੀਏ ਤਾਂ ਚੀਨ ਤੋਂ ਆਉਣ ਵਾਲੇ ਫੈਦਰ ਤੇ ਪਾਬੰਦੀ ਤੋਂ ਬਾਅਦ ਜਲੰਧਰ ਦੀ ਸਪੋਰਟਸ ਇੰਡਸਟ੍ਰੀ ਨੂੰ ਖਾਸਾ ਨੁਕਸਾਨ ਹੋਇਐ ਅਤੇ ਇਥੇ ਸ਼ਟਲ ਬਣਾਉਣ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ। ਗੱਲ ਇੱਥੇ ਹੀ ਨਹੀਂ ਮੁੱਕਦੀ, ਪਹਿਲਾਂ ਜਿਥੇ ਸ਼ਟਲ ਦੇ ਕਾਰੋਬਾਰ ‘ਚ ਲੱਖਾਂ ਹੀ ਪਰਿਵਾਰ ਜੁੜੇ ਹੋਏ ਸੀ ਜਿਹੜੇ ਸ਼ਟਲ ਦਾ ਧਾਗਾ ਬੰਨਣ ਦਾ ਕੰਮ ਹੋਵੇ ਜਾਂ ਫਿਰ ਉਸਦੇ ਨਾਲ ਜੁੜੇ ਕੋਈ ਹੋਰ ਕੰਮ ਹੋਣ, ਉਹ ਕਰਦੇ ਸੀ ਪਰ ਚੀਨ ਤੋਂ ਇੰਪੋਰਟ ਹੋਣ ਕਰ ਕੇ ਇਹਨਾਂ ਲੱਖਾਂ ਹੀ ਪਰਵਾਰਾਂ ਦਾ ਕੰਮ ਪ੍ਰਭਾਵਤ ਹੋਇਆ ਅਤੇ ਬੇਰੁਜ਼ਗਾਰੀ ਵੀ ਵਧੀ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਭਾਰਤ ਸੱਭ ਕੁੱਝ ਬਣਾ ਰਿਹਾ ਹੈ ਤਾਂ ਫਿਰ ਸ਼ਟਲ ਕੀ ਚੀਜ਼ ਹੈ?: ਸ਼ਕੂਰਾ ਬੇਗਮ ਬੈਡਮਿੰਟਨ ਦੇ ਨੈਸ਼ਨਲ ਪਲੇਅਰ ਰਹਿ ਚੁੱਕੇ ਬੈਡਮਿੰਟਨ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਵਾਈਸ ਪ੍ਰਧਾਨ ਬੀਬੀ ਸ਼ਕੂਰਾ ਬੇਗਮ ਜੋਕਿ ਹੁਣ ਬੈਡਮਿੰਟਨ ਦੀ ਕੋਚਿੰਗ ਦਿੰਦੇ ਹਨ, ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਪਲੇਅਰ ਬਹੁਤ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਸ਼ਟਲ ਦੇ ਸਟਾਕ ਵਿਚ ਕਾਫ਼ੀ ਕਮੀ ਆਉਣ ਕਰ ਕੇ ਸ਼ਟਲ ਦੇ ਰੇਟ ਕਾਫ਼ੀ ਵਧ ਗਏ ਹਨ। ਉਨ੍ਹਾਂ ਦਸਿਆ ਕਿ ਕੋਰੋਨਾ ਤੋਂ ਬਾਅਦ ਸ਼ਟਲ ਦੇ ਰੇਟਾਂ ਵਿਚ 20 ਤੋਂ 30 ਫ਼ੀ ਸਦੀ ਦਾ ਇਜ਼ਾਫਾ ਹੋਇਆ ਹੈ। ਉਨ੍ਹਾਂ ਦਸਿਆ ਕਿ ਕੁੱਝ ਦੁਕਾਨਦਾਰ ਤਾਂ ਮਨਮਰਜ਼ੀ ਦੇ ਰੇਟ ਵੀ ਲਾਉਂਦੇ ਹਨ ਕਿਉਂਕਿ ਸਟਾਕ ਨਾ ਹੋਣ ਕਰ ਕੇ ਹੋਰ ਪਾਸਿਓਂ ਕਈ ਵਾਰ ਉਹ ਸ਼ਟਲ ਮਿਲਦੀ ਹੀ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬੈਡਮਿੰਟਨ ਵਰਗੀ ਵਧੀਆ ਖੇਡ ਨੂੰ ਬਚਾਉਣ ਵਾਸਤੇ ਢੁੱਕਵੇਂ ਕਦਮ ਜ਼ਰੂਰ ਚੁੱਕੇ ਜਾਣ ਕਿਉਂਕਿ ਭਾਰਤ ਸੱਭ ਕੁੱਝ ਬਣਾ ਰਿਹਾ ਹੈ ਤਾਂ ਫਿਰ ਸ਼ਟਲ ਕੀ ਚੀਜ਼ ਹੈ? ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਤਹਿਤ ਸਰਕਾਰ ਨੂੰ ਇਸ ਪਾਸੇ ਵਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੈਡਮਿੰਟਨ ਦੇ ਆਰਥਕ ਪੱਖੋ ਕਮਜ਼ੋਰ ਘਰਾਂ ਦੇ ਖਿਡਾਰੀਆਂ ਨੂੰ ਵੀ ਕੁੱਝ ਰਾਹਤ ਜ਼ਰੂਰ ਮਿਲੇ।
ਸਿਰਫ਼ ਪੰਜਾਬ ਦੇ ਹੀ ਪੰਜ ਹਜ਼ਾਰ ਤੋਂ ਵੱਧ ਖਿਡਾਰੀ ਹੋਏ ਪ੍ਰਭਾਵਤ ਜਾਣਕਾਰਾਂ ਦੀ ਮੰਨੀਏ ਤਾਂ ਸ਼ਟਲ ਦੇ ਰੇਟਾਂ ਵਿਚ ਆਈ ਤੇਜ਼ੀ ਕਰ ਕੇ ਪੰਜਾਬ ਦੇ ਹੀ ਕਰੀਬ ਪੰਜ ਹਜ਼ਾਰ ਤੋਂ ਵੱਧ ਬੈਡਮਿੰਟਨ ਖਿਡਾਰੀ ਪ੍ਰਭਾਵਤ ਹੋਏ ਹਨ। ਬਰਡ ਫਲੂ ਆਉਣ ਤੋਂ ਪਹਿਲਾਂ ਜਿਹੜੀ ਸ਼ਟਲ 20 ਰੁਪਏ ਦੀ ਮਿਲਦੀ ਸੀ ਉਹੀ ਸ਼ਟਲ ਹੁਣ ਬਰਡ ਫਲੂ ਤੋਂ ਬਾਅਦ ਲੱਗੇ ਬੈਨ ਮਗਰੋਂ 100 ਰੁਪਏ ਦੇ ਨੇੜੇ ਤੇੜੇ ਮਿਲਣ ਲੱਗੀ ਜਿਹੜੀ ਹੁਣ ਕੋਰੋਨਾ ਕਰ ਕੇ 20 ਤੋਂ 30 ਫ਼ੀ ਸਦੀ ਤਕ ਹੋਰ ਮਹਿੰਗੇ ਰੇਟ ਤੇ ਮਿਲ ਰਹੀ ਹੈ ਅਤੇ ਇਹੋ ਵਜ੍ਹਾ ਹੈ ਕਿ ਖਿਡਾਰੀ ਬਹੁਤ ਹੀ ਸੋਚ ਸਮਝ ਕੇ ਸ਼ਟਲ ਦਾ ਇਸਤੇਮਾਲ ਕਰਦੇ ਹਨ। ਜੇਕਰ ਸ਼ਟਲ ਸਸਤੀ ਰਹਿੰਦੀ ਤਾਂ ਪਲੇਅਰ ਪ੍ਰੈਕਟਿਸ ਵੀ ਜ਼ਿਆਦਾ ਕਰਦੇ ਅਤੇ ਨਵੇਂ ਪਲੇਅਰ ਵੀ ਵੱਡੀ ਗਿਣਤੀ ਵਿਚ ਬੈਡਮਿੰਟਨ ਦੇ ਨਾਲ ਜੁੜਦੇ। ਇਸ ਖੇਡ ਦੇ ਜਾਣਕਾਰ ਦਸਦੇ ਹਨ ਕਿ ਬਿਗਿਨਰਸ ਜਿਹੜੇ ਬੈਡਮਿੰਟਨ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹਨ ਉਹ ਗੂਜ਼ ਫੈਦਰ ਜਾਂ ਫਿਰ ਪਲਾਸਟਿਕ ਦੀ ਸ਼ਟਲ ਦਾ ਇਸਤੇਮਾਲ ਕਰ ਸਕਦੇ ਹਨ। ਹੂਜ਼ ਫੈਦਰ ਵੀ ਚੀਨ ਦਾ ਹੀ ਹੈ ਪਰ ਦੂਸਰੀ ਸ਼ਟਲ ਦੇ ਮੁਕਾਬਲੇ ਇਹ ਸਸਤੀ ਹੁੰਦੀ ਹੈ ਇਸਲਈ ਇਸ ਨੂੰ ਪਹਿਲਾਂ ਪਹਿਲ ਵਰਤਿਆ ਜਾ ਸਕਦਾ ਹੈ।