
ਕਿਹਾ, ਭਾਰਤ ਦੀ ਵਿਕਾਸ ਦਰ ਚੀਨ ਤੇ ਕੋਰੀਆ ਨਾਲੋਂ ਬਹੁਤ ਘੱਟ ਹੈ ਜਦੋਂ ਉਨ੍ਹਾਂ ਅਪਣਾ ਡੈਮੋਗ੍ਰਾਫਿਕ ਡਿਵੀਡੈਂਡ ਪ੍ਰਾਪਤ ਕੀਤਾ ਸੀ
ਵਾਸ਼ਿੰਗਟਨ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ‘ਡੈਮੋਗ੍ਰਾਫਿਕ ਡਿਵੀਡੈਂਡ’ (ਕਮਾਈ ਕਰਨ ਯੋਗ ਵੱਧ ਵਸੋਂ) ਦਾ ਲਾਭ ਨਹੀਂ ਲੈ ਰਿਹਾ ਹੈ। ਡੈਮੋਗ੍ਰਾਫਿਕ ਡਿਵੀਡੈਂਡ ਕੰਮ ਕਰਨ ਦੇ ਯੋਗ ਲੋਕਾਂ ਦੀ ਵੱਧ ਗਿਣਤੀ ਅਤੇ ਉਨ੍ਹਾਂ ’ਤੇ ਨਿਰਭਰ ਲੋਕਾਂ ਦੀ ਘੱਟ ਗਿਣਤੀ ਨੂੰ ਦਰਸਾਉਂਦਾ ਹੈ, ਜਿਸ ਦੇ ਨਤੀਜੇ ਵਜੋਂ ਉਤਪਾਦਕਤਾ ’ਚ ਵਾਧਾ ਹੁੰਦਾ ਹੈ ਅਤੇ ਬਦਲੇ ’ਚ ਤੇਜ਼ ਆਰਥਕ ਵਿਕਾਸ ਹੁੰਦਾ ਹੈ।
ਰਾਜਨ ਨੇ ਮਨੁੱਖੀ ਪੂੰਜੀ ਨੂੰ ਸੁਧਾਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਵਧਾਉਣ ’ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਰਾਜਨ ਨੇ ਇਥੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ’ਚ ‘2047 ਤਕ ਭਾਰਤ ਨੂੰ ਇਕ ਉੱਨਤ ਅਰਥਵਿਵਸਥਾ ਬਣਾਉਣਾ: ਇਸ ਲਈ ਕੀ ਕਰਨਾ ਹੋਵੇਗਾ’ ਵਿਸ਼ੇ ’ਤੇ ਚਰਚਾ ਦੌਰਾਨ ਕਿਹਾ, ‘‘ਮੈਨੂੰ ਲਗਦਾ ਹੈ ਕਿ ਸਾਡੇ ਕੋਲ ਡੈਮੋਗ੍ਰਾਫਿਕ ਡਿਵੀਡੈਂਡ ਤਾਂ ਹੈ ਪਰ ਸਮੱਸਿਆ ਇਹ ਹੈ ਕਿ ਅਸੀਂ ਇਸ ਦਾ ਫਾਇਦਾ ਨਹੀਂ ਉਠਾ ਰਹੇ।’’ ਉਨ੍ਹਾਂ ਅੱਗੇ ਕਿਹਾ, ‘‘ਡੈਮੋਗ੍ਰਾਫਿਕ ਡਿਵੀਡੈਂਡ ’ਚ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਸਿਰਫ 6 ਫ਼ੀ ਸਦੀ ਹੈ। ਇਹ ਚੀਨ ਅਤੇ ਕੋਰੀਆ ਨਾਲੋਂ ਬਹੁਤ ਘੱਟ ਹੈ ਜਦੋਂ ਉਨ੍ਹਾਂ ਨੇ ਅਪਣਾ ਡੈਮੋਗ੍ਰਾਫਿਕ ਡਿਵੀਡੈਂਡ ਪ੍ਰਾਪਤ ਕੀਤਾ ਸੀ।’’
ਰਾਜਨ ਚਿਪ ਨਿਰਮਾਣ ’ਤੇ ਭਾਰਤ ਦੇ ਅਰਬਾਂ ਡਾਲਰ ਖਰਚ ਕਰਨ ਦੀ ਆਲੋਚਨਾ ਕਰਦੇ ਰਹੇ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਚਿਪ ਫੈਕਟਰੀਆਂ ਬਾਰੇ ਸੋਚੋ। ਚਿਪ ਨਿਰਮਾਣ ’ਤੇ ਅਰਬਾਂ ਡਾਲਰ ਦੀ ਸਬਸਿਡੀ ਦਿਤੀ ਜਾਵੇਗੀ। ਜਦਕਿ ਚਮੜਾ ਵਰਗੇ ਬਹੁਤ ਸਾਰੇ ਰੁਜ਼ਗਾਰ-ਅਧਾਰਤ ਖੇਤਰ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੇ ਹਨ।’’
ਰਾਜਨ ਨੇ ਕਿਹਾ, ‘‘ਅਸੀਂ ਉਨ੍ਹਾਂ ਖੇਤਰਾਂ ’ਚ ਹੇਠਾਂ ਜਾ ਰਹੇ ਹਾਂ। ਇਸ ’ਚ ਕੋਈ ਹੈਰਾਨੀ ਨਹੀਂ ਕਿ ਸਾਡੇ ਕੋਲ ਨੌਕਰੀਆਂ ਦੀ ਘਾਟ ਦੀ ਸਮੱਸਿਆ ਹੈ। ਇਹ ਪਿਛਲੇ 10 ਸਾਲਾਂ ’ਚ ਪੈਦਾ ਨਹੀਂ ਹੋਇਆ, ਬਲਕਿ ਪਿਛਲੇ ਕੁੱਝ ਦਹਾਕਿਆਂ ਤੋਂ ਵੱਧ ਰਿਹਾ ਹੈ। ਹਾਲਾਂਕਿ, ਜੇ ਤੁਸੀਂ ਉਨ੍ਹਾਂ ਖੇਤਰਾਂ ਦੀ ਅਣਦੇਖੀ ਕਰਦੇ ਹੋ ਜਿਨ੍ਹਾਂ ਨੂੰ ਵਧਾਇਆ ਜਾ ਸਕਦਾ ਹੈ... ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਸਾਨੂੰ ਹੁਣ ਚਮੜਾ ਖੇਤਰ ਨੂੰ ਸਬਸਿਡੀ ਦੇਣ ਦੀ ਜ਼ਰੂਰਤ ਹੈ ਪਰ ਪਤਾ ਲਗਾਉ ਕਿ ਉੱਥੇ ਕੀ ਗਲਤ ਹੋ ਰਿਹਾ ਹੈ ਅਤੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।’’
ਇਕ ਸਵਾਲ ਦੇ ਜਵਾਬ ਵਿਚ ਰਾਜਨ ਨੇ ਕਿਹਾ ਕਿ ਬਹੁਤ ਸਾਰੇ ਭਾਰਤੀ ਖੋਜਕਰਤਾ ਹੁਣ ਸਿੰਗਾਪੁਰ ਜਾਂ ਸਿਲੀਕਾਨ ਵੈਲੀ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਉਥੇ ਦੇ ਅੰਤਮ ਬਾਜ਼ਾਰਾਂ ਤਕ ਪਹੁੰਚਣਾ ਬਹੁਤ ਆਸਾਨ ਲਗਦਾ ਹੈ।
ਇਸ ਦੌਰਾਨ ਮੌਜੂਦ ਸੈਲੇਸਟਾ ਕੈਪੀਟਲ ਦੇ ਮੈਨੇਜਿੰਗ ਪਾਰਟਨਰ ਅਰੁਣ ਕੁਮਾਰ ਨੇ ਕਿਹਾ ਕਿ ਭਾਰਤ ਨੂੰ ਵਿਸ਼ਵੀਕਰਨ ਦਾ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਇਸ ਦੀ ਆਰਥਕ ਖੁਸ਼ਹਾਲੀ ਭਾਰਤ ’ਚ ਅਤੇ ਭਾਰਤ ਤੋਂ ਵਪਾਰ ਅਤੇ ਨਿਵੇਸ਼ ਵਧਾਉਣ ’ਚ ਇਸ ਦੀ ਵਿਸ਼ਵਵਿਆਪੀ ਨਿਰਭਰਤਾ ਵਲੋਂ ਪ੍ਰੇਰਿਤ ਹੋਵੇਗੀ, ਜੋ ਰੁਜ਼ਗਾਰ ਸਿਰਜਣ, ਜੀ.ਡੀ.ਪੀ. ਵਿਕਾਸ ਅਤੇ ਖੁਸ਼ਹਾਲੀ ਦਾ ਸਮਰਥਨ ਕਰੇਗੀ। ਅੱਜ, ਗਲੋਬਲ ਸਪਲਾਈ ਚੇਨ ਦੀ ਸਥਿਤੀ ਨਿਰਮਾਣ ’ਚ ਵੱਧ ਤੋਂ ਵੱਧ ਭਾਗੀਦਾਰੀ ਲਈ ਭਾਰਤ ਦੇ ਪੱਖ ’ਚ ਕੰਮ ਕਰਦੀ ਹੈ।’’ ਉਨ੍ਹਾਂ ਕਿਹਾ, ‘‘ਗਲੋਬਲ ਵੈਲਿਊ ਚੇਨ ’ਚ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਸਹੂਲਤਜਨਕ ਬਣਾਉਣ ਲਈ ਕਾਰੋਬਾਰ ਕਰਨ ’ਚ ਆਸਾਨੀ, ਕਾਰੋਬਾਰ ਕਰਨ ’ਚ ਆਸਾਨੀ, ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸਬੰਧਤ ਲੌਜਿਸਟਿਕਸ ਦੇ ਨਿਰਮਾਣ ’ਤੇ ਲਗਾਤਾਰ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ।’’