
ਏਅਰ ਇੰਡੀਆ ਠੇਕੇ 'ਤੇ ਲੈ ਸਕਦੀ ਹੈ ਕੁੱਝ ਜਹਾਜ਼
ਨਵੀਂ ਦਿੱਲੀ : ਆਰਥਕ ਸੰਕਟ ਨਾਲ ਜੂਝ ਰਹੀ ਹਵਾਈ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਲਈ ਨਵੇਂ ਖ਼ਰੀਦਦਾਰ ਹੀ ਇਕੋ-ਇਕੋ ਉਮੀਦ ਜਾਪ ਰਹੇ ਹਨ ਪਰ ਇਹ ਨਵੇਂ ਖ਼ਰੀਦਦਾਰ ਕਦੋਂ ਮਿਲਣਗੇ, ਇਸ ਬਾਰੇ ਹਾਲੇ ਸਥਿਤੀ ਸਪੱਸ਼ਟ ਨਹੀਂ। ਫ਼ਿਲਹਾਲ ਕੰਪਨੀ ਨੂੰ ਕੋਈ ਐਮਰਜੈਂਸੀ ਜਾਂ ਰਾਹਤ ਪੈਕੇਜ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਸੂਤਰਾਂ ਮੁਤਾਬਕ ਨਵੇਂ ਖ਼ਰੀਦਦਾਰਾਂ ਦੀ ਹੀ ਉਡੀਕ ਕੀਤੀ ਜਾ ਰਹੀ ਹੈ। ਸੋ, ਜਦ ਤਕ ਨਵੇਂ ਖ਼ਰੀਦਦਾਰਾਂ ਬਾਰੇ ਫ਼ੈਸਲਾ ਨਹੀਂ ਹੋ ਜਾਂਦਾ, ਤਦ ਤਕ ਕੰਪਨੀ ਬੰਦ ਹੀ ਰਹੇਗੀ। ਬੈਂਕਾਂ ਤੋਂ ਫ਼ੰਡ ਨਾ ਮਿਲਣ ਕਾਰਨ ਜੈਟ ਏਅਰਵੇਜ਼ ਨੇ ਬੁਧਵਾਰ ਨੂੰ ਉਡਾਣਾਂ ਬੰਦ ਕਰ ਦਿਤੀਆਂ ਸਨ।
Jet Airways
ਮਈ ਦੇ ਅਖ਼ੀਰ ਤਕ ਇਸ ਤਰ੍ਹਾਂ ਦੀ ਹਾਲਤ ਰਹਿ ਸਕਦੀ ਹੈ ਕਿਉਂਕਿ ਯੋਗ ਬੋਲੀਕਾਰਾਂ ਨੇ 10 ਮਈ ਤਕ ਬੋਲੀਆਂ ਪੇਸ਼ ਕਰਨੀਆਂ ਹਨ। ਉਧਰ, ਕਲ ਬੰਬੇ ਹਾਈ ਕੋਰਟ ਨੇ ਵੀ ਕੰਪਨੀ ਦੇ ਮਾਮਲੇ ਵਿਚ ਫ਼ੌਰੀ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ। ਐਡਵੋਕੇਟ ਮੈਥਿਉ ਨੇਦੁਮਪਾਰਾ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਅਦਾਲਤ ਐਸਬੀਆਈ ਦੀ ਅਗਵਾਈ ਵਾਲੇ ਬੈਂਕਾਂ ਨੂੰ ਫ਼ੰਡ ਜਾਰੀ ਕਰਨ ਲਈ ਹਦਾਇਤ ਕਰੇ ਅਤੇ ਸਰਕਾਰ ਬੇਰੁਜ਼ਗਾਰ ਹੋਏ ਮੁਲਾਜ਼ਮਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰੇ ਪਰ ਅਦਾਲਤ ਨੇ ਫ਼ੌਰੀ ਦਖ਼ਲ ਤੋਂ ਇਨਕਾਰ ਕਰ ਦਿਤਾ।
Jet Airways
ਇਸੇ ਦੌਰਾਨ ਏਅਰ ਇੰਡੀਆ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨਾਲ ਮੁਲਾਕਾਤ ਕਰ ਸਕਦੇ ਹਨ। ਏਅਰ ਇੰਡੀਆ ਜੈਟ ਏਅਰਵੇਜ਼ ਦੇ ਪੰਜ ਵੱਡੇ ਜਹਾਜ਼ਾਂ ਨੂੰ ਠੇਕੇ 'ਤੇ ਲੈਣ ਦੀ ਯੋਜਨਾ ਬਣਾ ਰਹੀ ਹੈ। ਡੂੰਘੇ ਹੁੰਦੇ ਆਰਥਕ ਸੰਕਟ ਅਤੇ ਲਗਾਤਾਰ ਘਟਦੇ ਮਾਲੀਏ ਨਾਲ ਜੂਝ ਰਹੀ ਜੈਟ ਏਅਰਵੇਜ਼ ਨੇ ਬੁਧਵਾਰ ਰਾਤ ਤੋਂ ਅਪਣੀਆਂ ਉਡਾਣਾਂ ਵਕਤੀ ਤੌਰ 'ਤੇ ਬੰਦ ਰੱਖਣ ਦਾ ਐਲਾਨ ਕਰ ਦਿਤਾ ਸੀ। ਜੈਟ ਏਅਰਵੇਜ਼ ਕੋਲ 16 ਵੱਡੇ ਜਹਾਜ਼ ਹਨ ਜਿਨ੍ਹਾਂ ਵਿਚ 10 ਬੀ 777-300ਏਆਰ ਅਤੇ ਛੇ ਏਅਰਬੱਸ ਏ330ਏਐਸ ਜਹਾਜ਼ ਸ਼ਾਮਲ ਹਨ। ਜੈਟ ਏਅਰਵੇਜ਼ ਦੇ ਕਰਜ਼ਾ ਪੁਨਰਗਠਨ ਪ੍ਰੋਗਰਾਮ ਤਹਿਤ ਸਟੇਟ ਬੈਂਕਾਂ ਦਾ ਸਮੂਹ ਇਨ੍ਹੀਂ ਦਿਨੀਂ ਏਅਰਲਾਈਨਜ਼ ਨੂੰ ਚਲਾ ਰਿਹਾ ਹੈ।
Jet Airways
ਏਅਰ ਇੰਡੀਆ ਦੇ ਚੇਅਰਮੈਨ ਨੇ ਬੁਧਵਾਰ ਨੂੰ ਸਟੇਟ ਬੈਂਕ ਮੁਖੀ ਨੂੰ ਚਿੱਠੀ ਲਿਖ ਕੇ ਜੈਟ ਏਅਰਵੇਜ਼ ਦੇ ਪੰਜ ਬੋਇੰਗ 777ਐਸ ਜਹਾਜ਼ਾਂ ਨੂੰ ਠੇਕੇ 'ਤੇ ਲੈਣ ਵਿਚ ਅਪਣੀ ਰੁਚੀ ਵਿਖਾਈ ਹੈ। ਏਅਰ ਇੰਡੀਆ ਇਨ੍ਹਾਂ ਜਹਾਜ਼ਾਂ ਨੂੰ ਅਪਣੇ ਅੰਤਰਰਾਸ਼ਟਰੀ ਮਾਰਗਾਂ 'ਤੇ ਸੇਵਾ ਵਿਚ ਲਾਉਣਾ ਚਾਹੁੰਦੀ ਹੈ। ਏਅਰ ਇੰਡੀਆ ਨਵੇਂ ਅੰਤਰਰਾਸ਼ਟਰੀ ਮਾਰਗਾਂ 'ਤੇ ਉਡਾਣਾਂ ਸ਼ੁਰੂ ਕਰਨਾ ਚਾਹੁੰਦੀ ਹੈ। ਇਸ ਦੀ ਮੌਜੂਦਾ ਅੰਤਰਰਾਸ਼ਟਰੀ ਮਾਰਗਾਂ 'ਤੇ ਉਡਾਣਾਂ ਦੀ ਗਿਣਤੀ ਵਧਾਉਣ ਦਾ ਵੀ ਇਰਾਦਾ ਹੈ ਪਰ ਇਸ ਕੋਲ ਅਜਿਹਾ ਕਰਨ ਲਈ ਵਾਧੂ ਜਹਾਜ਼ ਨਹੀਂ ਹਨ।
Jet Airways employee breaks down
3-4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ : ਤਨਖ਼ਾਹ ਨਾ ਮਿਲਣ ਕਾਰਨ ਜੈਟ ਏਅਰਵੇਜ਼ ਦੇ 20000 ਕਰਮਚਾਰੀ ਡਾਢੇ ਪ੍ਰੇਸ਼ਾਨ ਹਨ। ਕੁੱਝ ਮੁਲਾਜ਼ਮ ਅਪਣੇ ਵਾਹਨ ਵੇਚ ਕੇ ਅਤੇ ਗਹਿਣੇ ਗਿਰਵੀ ਰੱਖ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਮੁਸ਼ਕਲ ਵਿਚ ਫਸੇ ਮੁਲਾਜ਼ਮ ਕਲ ਦਿੱਲੀ ਵਿਚ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਨੂੰ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕੰਪਨੀ ਦੇ ਹਾਲਾਤ ਲਈ ਸਰਕਾਰ ਅਤੇ ਬੈਂਕਾਂ ਨੂੰ ਜ਼ਿੰਮੇਵਾਰ ਦਸਿਆ। ਜੈਟ ਨੇ ਹੁਣ ਸਟਾਫ਼ ਨੂੰ ਨੌਕਰੀ 'ਤੇ ਆਉਣ ਦੀ ਬਜਾਏ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਕਹਿ ਦਿਤਾ ਹੈ।
Jet Airways employee breaks down
ਮੁਲਾਜ਼ਮਾਂ ਦੀ ਨੌਕਰੀ ਕਰਜ਼ਾ ਦੇਣ ਵਾਲਿਆਂ ਦੇ ਭਰੋਸੇ : ਜੈਟ
ਕੰਪਨੀ ਦੇ ਬੋਰਡ ਮੈਂਬਰ ਨੇ ਕਿਹਾ ਕਿ 20 ਹਜ਼ਾਰ ਮੁਲਾਜ਼ਮਾਂ ਦੀ ਨੌਕਰੀ ਹੁਣ ਕਰਜ਼ਾ ਦੇਣ ਵਾਲਿਆਂ ਦੇ ਭਰੋਸੇ ਹੈ। ਸਾਡੇ ਕੋਲ ਇਕ ਵੀ ਦਿਨ ਦੀ ਤਨਖ਼ਾਹ ਦੇਣ ਜੋਗੇ ਪੈਸੇ ਨਹੀਂ। ਉਧਰ, ਅੰਤਰਰਾਸ਼ਟਰੀ ਏਅਰਲਾਈਨ ਸੰਗਠਨ ਆਈਏਟੀਏ ਨੇ ਜੈਟ ਦੀ ਮੈਂਬਰਸ਼ਿਪ ਕੈਂਸਲ ਕਰ ਦਿਤੀ ਹੈ ਜਿਸ ਕਾਰਨ ਯਾਤਰੀਆਂ ਨੂੰ ਰਿਫ਼ੰਡ ਵਿਚ ਪ੍ਰੇਸ਼ਾਨੀ ਆ ਸਕਦੀ ਹੈ।
Jet Airways
18 ਹਜ਼ਾਰ ਦੀ ਜਗ੍ਹਾ 42 ਹਜ਼ਾਰ ਦੀ ਟਿਕਟ ਮਿਲੀ
ਜੈੱਟ ਦਾ ਸੰਚਾਲਨ ਬੰਦ ਹੋਣ ਦੇ ਅਗਲੇ ਦਿਨ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਰਹੇ। ਲੋਕਾਂ ਨੂੰ ਫ਼ਲਾਈਟ ਨਹੀਂ ਮਿਲੀ। ਜਿਨ੍ਹਾਂ ਨੂੰ ਮਿਲੀ, ਉਨ੍ਹਾਂ ਨੂੰ ਦੁਗਣੀ ਤੋਂ ਜ਼ਿਆਦਾ ਕੀਮਤ 'ਤੇ ਟਿਕਟ ਮਿਲੀ। ਇਕ ਯਾਤਰੀ ਦੀ ਲੰਦਨ ਦੀ ਟਿਕਟ 18 ਹਜ਼ਾਰ ਵਿਚ ਬੁਕ ਸੀ ਪਰ ਨਵੀਂ ਟਿਕਟ 42 ਹਜ਼ਾਰ ਰੁਪਏ ਦੀ ਮਿਲੀ। ਉਧਰ, ਸਰਕਾਰ ਨੇ ਹੋਰਾਂ ਕੰਪਨੀਆਂ ਨੂੰ ਮਨਮਰਜ਼ੀ ਨਾਲ ਕਿਰਾਏ ਨਾਲ ਵਧਾਉਣ ਲਈ ਕਿਹਾ ਹੈ।