
ਐਸਬੀਆਈ ਨੇ ਰਾਜਸਥਾਨ ਹਾਈ ਕੋਰਟ ਵਿਚ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਗੁੰਮ ਹੋਈ ਰਕਮ 3 ਕਰੋੜ ਰੁਪਏ ਤੋਂ ਵੱਧ ਹੈ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਵਿਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੀ ਤਿਜੋਰੀ ਵਿਚੋਂ 11 ਕਰੋੜ ਰੁਪਏ ਦੇ ਸਿੱਕੇ ਗਾਇਬ ਹੋਣ ਦੀ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਐਸਬੀਆਈ ਨੇ ਰਾਜਸਥਾਨ ਹਾਈ ਕੋਰਟ ਵਿਚ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਗੁੰਮ ਹੋਈ ਰਕਮ 3 ਕਰੋੜ ਰੁਪਏ ਤੋਂ ਵੱਧ ਹੈ, ਜੋ ਏਜੰਸੀ ਦੀ ਜਾਂਚ ਦੀ ਮੰਗ ਲਈ ਜ਼ਰੂਰੀ ਹੈ।
ਸੀਬੀਆਈ ਨੇ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਰਾਜਸਥਾਨ ਪੁਲਿਸ ਵੱਲੋਂ ਪਹਿਲਾਂ ਦਰਜ ਕੀਤੀ ਗਈ ਐਫਆਈਆਰ ਦਾ ਨੋਟਿਸ ਲਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੈਂਕ ਦੇ ਅਧਿਕਾਰੀਆਂ ਨੇ ਮੁੱਢਲੀ ਜਾਂਚ ਵਿਚ ਬੈਂਕ ਦੇ ਨਕਦੀ ਰਿਜ਼ਰਵ ਦਾ ਮਿਲਾਨ ਕੀਤਾ ਤਾਂ ਉਹਨਾਂ ਨੂੰ ਗੜਬੜੀ ਦਾ ਪਤਾ ਚਲਿਆ।
ਸ਼ਾਖਾ ਦੀ ਅਕਾਊਂਟ ਬੁੱਕ ਅਨੁਸਾਰ ਜੈਪੁਰ ਦੇ ਇਕ ਨਿੱਜੀ ਵਿਕਰੇਤਾ ਨੂੰ 13 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਸਿੱਕਿਆਂ ਦੀ ਗਿਣਤੀ ਕਰਨ ਦੇ ਕੰਮ ਵਿਚ ਸ਼ਾਮਲ ਕੀਤਾ ਗਿਆ ਸੀ। ਗਿਣਤੀ ਤੋਂ ਪਤਾ ਲੱਗਾ ਹੈ ਕਿ ਬ੍ਰਾਂਚ ਵਿਚੋਂ 11 ਕਰੋੜ ਰੁਪਏ ਤੋਂ ਵੱਧ ਦੇ ਸਿੱਕੇ ਗਾਇਬ ਸਨ।