
ਐਮਵੇ ਨੇ ਐਮ.ਐਲ.ਐਮ. ਸਕੀਮ ਜ਼ਰੀਏ ਅਪਰਾਧ ਦੀ ਲਗਭਗ 4,000 ਕਰੋੜ ਰੁਪਏ ਦੀ ਕਮਾਈ ਕੀਤੀ : ਈ.ਡੀ.
FIR against Amway : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਨੂੰ ਮਲਟੀ-ਲੈਵਲ ਮਾਰਕੀਟਿੰਗ (ਐੱਮ.ਐੱਲ.ਐੱਮ.) ਸਕੀਮ ਚਲਾਉਣ ਵਾਲੀ ਐਮਵੇ ਇੰਡੀਆ ’ਤੇ 4,000 ਕਰੋੜ ਰੁਪਏ ਤੋਂ ਵੱਧ ਦੀ ਅਪਰਾਧ ਦੀ ਕਮਾਈ ਕਰਨ ਅਤੇ ਇਸ ਦਾ ਵੱਡਾ ਹਿੱਸਾ ਵਿਦੇਸ਼ੀ ਬੈਂਕ ਖਾਤਿਆਂ ’ਚ ਭੇਜਣ ਦਾ ਦੋਸ਼ ਲਗਾਇਆ ਹੈ। ਕੇਂਦਰੀ ਏਜੰਸੀ ਨੇ ਹੈਦਰਾਬਾਦ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀ.ਐਮ.ਐਲ.ਏ.) ਅਦਾਲਤ ’ਚ ਐਮਵੇ ਇੰਡੀਆ ਐਂਟਰਪ੍ਰਾਈਜ਼ ਪ੍ਰਾਈਵੇਟ ਲਿਮਟਿਡ ਵਿਰੁਧ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇਹ ਗੱਲ ਕਹੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਬਿਆਨ ਵਿਚ ਕਿਹਾ ਕਿ ਅਦਾਲਤ ਨੇ ਸੋਮਵਾਰ ਨੂੰ ਇਸਤਗਾਸਾ ਪੱਖ ਦੀ ਸ਼ਿਕਾਇਤ ਦਾ ਨੋਟਿਸ ਲਿਆ। ਤੇਲੰਗਾਨਾ ਪੁਲਿਸ ਨੇ ਐਮਵੇ ਅਤੇ ਇਸ ਦੇ ਡਾਇਰੈਕਟਰਾਂ ਵਿਰੁਧ ਕਈ ਐਫ.ਆਈ.ਆਰ. ਦਰਜ ਕੀਤੀਆਂ ਸਨ। ਈ.ਡੀ. ਵਲੋਂ ਦਰਜ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦਾ ਅਪਰਾਧਕ ਮਾਮਲਾ ਇਨ੍ਹਾਂ ਐਫ.ਆਈ.ਆਰ. ’ਤੇ ਅਧਾਰਤ ਹੈ।
ਇਹ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ‘ਮਾਲ ਦੀ ਵਿਕਰੀ ਦੇ ਨਾਂ ’ਤੇ ਗੈਰ-ਕਾਨੂੰਨੀ ਪੈਸਾ ਸਰਕੂਲੇਸ਼ਨ ਸਕੀਮ’ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ‘ਨਵੇਂ ਮੈਂਬਰਾਂ ਨੂੰ ਰਜਿਸਟਰ ਕਰਨ ’ਤੇ ਉੱਚ ਕਮਿਸ਼ਨ/ਪ੍ਰੇਰਨਾ ਦੇਣ ਦਾ ਵਾਅਦਾ ਕਰ ਕੇ ਆਮ ਲੋਕਾਂ ਨੂੰ ਧੋਖਾ ਦੇ ਰਹੀ ਹੈ ਅਤੇ ਇਹ ਦਾਅਵਾ ਕਰ ਰਹੀ ਹੈ ਕਿ ਇਹ ਕਮਿਸ਼ਨ/ਪ੍ਰੇਰਨਾਵਾਂ ਅਣਮਿੱਥੇ ਸਮੇਂ ਲਈ ਜਾਰੀ ਰਹਿਣਗੀਆਂ।’
ਐਮਵੇ ਨੇ ਦਿਤੀ ਸਫ਼ਾਈ
ਜਦਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਕਾਨੂੰਨ ਮੁਤਾਬਕ ਕੰਮ ਕੀਤਾ ਹੈ। ਐਮਵੇ ਦੇ ਬੁਲਾਰੇ ਨੇ ਕਿਹਾ, ‘‘ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਾਇਰ ਮੁਕੱਦਮੇ ਦੀ ਸ਼ਿਕਾਇਤ 2011 ਦੀ ਜਾਂਚ ਨਾਲ ਸਬੰਧਤ ਹੈ ਅਤੇ ਅਸੀਂ ਉਦੋਂ ਤੋਂ ਵਿਭਾਗ ਨਾਲ ਸਹਿਯੋਗ ਕਰ ਰਹੇ ਹਾਂ ਅਤੇ ਸਮੇਂ-ਸਮੇਂ ’ਤੇ ਮੰਗੀ ਗਈ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।’’ ਬੁਲਾਰੇ ਨੇ ਕਿਹਾ ਕਿ ਐਮਵੇ 25 ਸਾਲ ਪਹਿਲਾਂ ਭਾਰਤ ’ਚ ਕੰਮ ਸ਼ੁਰੂ ਕਰਨ ਤੋਂ ਬਾਅਦ ‘ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਵਚਨਬੱਧ’ ਹੈ। ਇਸ ’ਚ ਕਿਹਾ ਗਿਆ, ‘‘ਅਸੀਂ ਅਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰ ਕੇ ਅਤੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਕਰ ਕੇ ਭਾਰਤੀ ਕਾਨੂੰਨੀ ਅਤੇ ਨਿਆਂ ਪ੍ਰਣਾਲੀ ’ਚ ਅਪਣੇ ਨਿਰੰਤਰ ਵਿਸ਼ਵਾਸ ਨੂੰ ਦੁਹਰਾਉਣਾ ਚਾਹੁੰਦੇ ਹਾਂ।’’
ਕੀ ਕਹਿੰਦੀ ਹੈ ਜਾਂਚ?
ਈ.ਡੀ. ਨੇ ਅਪਣੀ ਜਾਂਚ ’ਚ ਕਿਹਾ ਕਿ ਕੰਪਨੀ ਸਿੱਧੀ ਵਿਕਰੀ ਦੀ ਦੇ ਨਾਂ ’ਤੇ ਪਿਰਾਮਿਡ ਸਕੀਮ ਦਾ ਪ੍ਰਚਾਰ ਕਰ ਰਹੀ ਸੀ। ਪਿਰਾਮਿਡ ਸਕੀਮ ਇਕ ਅਜਿਹਾ ਵਪਾਰਕ ਮਾਡਲ ਹੈ ਜਿਸ ਵਿਚ ਸਿੱਧੇ ਤੌਰ ’ਤੇ ਮਾਲ ਵੇਚਣ ਦੀ ਬਜਾਏ, ਇਕ ਵਿਅਕਤੀ ਦੂਜੇ ਲੋਕਾਂ ਨੂੰ ਸਕੀਮ ’ਚ ਜੋੜਦਾ ਹੈ, ਜਿਸ ਨਾਲ ਸਿੱਧੇ ਜਾਂ ਅਸਿੱਧੇ ਲਾਭ ਪ੍ਰਾਪਤ ਹੁੰਦੇ ਹਨ। ਇਸ ਸਕੀਮ ਤਹਿਤ ਪੈਸਾ ਘੁੰਮਾਇਆ ਜਾਂਦਾ ਹੈ, ਜਿਸ ਵਿਚ ਪੁਰਾਣੇ ਲੋਕਾਂ ਨੂੰ ਨਵੇਂ ਸ਼ਾਮਲ ਹੋਏ ਲੋਕਾਂ ਦੇ ਪੈਸੇ ਮਿਲ ਜਾਂਦੇ ਹਨ। ਪਿਰਾਮਿਡ ਦੇ ਸਭ ਤੋਂ ਹੇਠਲੇ ਲੋਕ ਅਕਸਰ ਨੁਕਸਾਨ ਝੱਲਦੇ ਹਨ।
ਇਸ ’ਚ ਕਿਹਾ ਗਿਆ ਹੈ, ‘‘ਅੰਤ ਦੇ ਖਪਤਕਾਰਾਂ ਨੂੰ ਸਿੱਧਾ ਸਾਮਾਨ ਵੇਚਣ ਦੀ ਬਜਾਏ, ਐਮਵੇ ਨੇ ਇਕ ਬਹੁ-ਪੱਧਰੀ ਮਾਰਕੀਟਿੰਗ ਯੋਜਨਾ ਸ਼ੁਰੂ ਕੀਤੀ ਜਿਸ ’ਚ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਵਿਤਰਕਾਂ ਦੇ ਨਾਂ ’ਤੇ ਕਈ ਵਿਚੋਲਿਆਂ ਨੂੰ ਸ਼ਾਮਲ ਕੀਤਾ ਗਿਆ।’’ ਈ.ਡੀ. ਨੇ ਕਿਹਾ, ‘‘ਇਹ ਸਕੀਮ ਉਤਪਾਦਾਂ ਦੀ ਵਿਕਰੀ ’ਤੇ ਧਿਆਨ ਕੇਂਦਰਤ ਨਹੀਂ ਕਰਦੀ ਹੈ ਪਰ ਮੁੱਖ ਤੌਰ ’ਤੇ ਮੈਂਬਰਾਂ ਦੀ ਰਜਿਸਟ੍ਰੇਸ਼ਨ ’ਤੇ ਅਧਾਰਤ ਹੈ।’’
ਏਜੰਸੀ ਨੇ ਕਿਹਾ ਕਿ ਜਦੋਂ ਕੋਈ ਨਵਾਂ ਸ਼ਾਮਲ ਹੋਇਆ ਵਿਅਕਤੀ ਕਿਸੇ ਅਜਿਹੇ ਵਿਅਕਤੀ ਵਲੋਂ ਪੈਸੇ ਦੇਣ ਲਈ ਰਾਜ਼ੀ ਹੋ ਜਾਂਦਾ ਹੈ ਜਿਸ ਨੇ ਉਸ ਨੂੰ ਕੰਪਨੀ ਨਾਲ ਜੁੜਨ ਲਈ ਕਿਹਾ ਹੈ, ਤਾਂ ਉਹ ਵਿਅਕਤੀ ਪ੍ਰਤੀਨਿਧੀ ਬਣ ਜਾਂਦਾ ਹੈ ਅਤੇ ਕਮਿਸ਼ਨ ਕਮਾਉਣ ਲਈ ਨਵੇਂ ਲੋਕਾਂ ਨੂੰ ਰੈਫਰ ਕਰਨ ਦੀ ਲੋੜ ਹੁੰਦੀ ਹੈ ਅਤੇ ਮੈਂਬਰਾਂ ਨੂੰ ਰਜਿਸਟਰ ਕਰਨਾ ਪੈਂਦਾ ਹੈ। ਇਹ ਦਸਦਾ ਹੈ ਕਿ ਜਿਵੇਂ-ਜਿਵੇਂ ਲੋਕਾਂ ਦੀ ਗਿਣਤੀ ਵਧਦੀ ਹੈ, ਪਿਰਾਮਿਡ ਦੇ ਸਿਖਰ ’ਤੇ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਕਮਿਸ਼ਨ ਅਤੇ ਸੈਰ-ਸਪਾਟਾ ਵਰਗੇ ਪ੍ਰੋਤਸਾਹਨ ਪ੍ਰਾਪਤ ਹੁੰਦੇ ਹਨ।
ਏਜੰਸੀ ਨੇ ਦੋਸ਼ ਲਾਇਆ ਕਿ ਐਮਵੇ ਨੇ ਨਾ ਸਿਰਫ਼ ਬਹੁ-ਪੱਧਰੀ ਮਾਰਕੀਟਿੰਗ ਸਕੀਮ ਚਲਾਈ, ਸਗੋਂ ਮਨੀ ਲਾਂਡਰਿੰਗ ਸਕੀਮ ਵੀ ਚਲਾਈ ਅਤੇ ਅਪਣੇ ਗਾਹਕਾਂ ਤੋਂ ‘ਵੱਡੀ’ ਰਕਮ ਇਕੱਠੀ ਕੀਤੀ। ਈ.ਡੀ. ਨੇ ਕਿਹਾ, ‘‘ਧੋਖਾਧੜੀ ਦੇ ਅਪਰਾਧ ਨੂੰ ਅੰਜਾਮ ਦੇ ਕੇ, ਐਮਵੇ ਨੇ ਕੁੱਲ 4,050.21 ਕਰੋੜ ਰੁਪਏ ਦੇ ਅਪਰਾਧ ਦੀ ਕਮਾਈ ਕੀਤੀ।’’ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਲਾਭਅੰਸ਼, ਰਾਇਲਟੀ ਅਤੇ ਹੋਰ ਖਰਚਿਆਂ ਦੇ ਭੁਗਤਾਨ ਦੇ ਨਾਂ ’ਤੇ ਮੈਂਬਰਾਂ ਤੋਂ ਇਕੱਠੇ ਕੀਤੇ 2,859 ਕਰੋੜ ਰੁਪਏ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼ਕਾਂ ਦੇ ਬੈਂਕ ਖਾਤਿਆਂ ’ਚ ਭੇਜੇ ਗਏ। ਪਿਛਲੇ ਸਾਲ ਅਪ੍ਰੈਲ ’ਚ ਈ.ਡੀ. ਨੇ ਇਸ ਮਾਮਲੇ ’ਚ 757 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਕੁਰਕ ਕੀਤੀ ਸੀ।
(For more news apart from FIR against Amway, stay tuned to Rozana Spokesman)