
Mumbai News : ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 5.27 ਲੱਖ ਕਰੋੜ ਰੁਪਏ ਦਾ ਨੁਕਸਾਨ
Mumbai News : ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਕਾਰਨ ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 423 ਅੰਕ ਡਿੱਗ ਗਿਆ। ਅਮਰੀਕਾ ’ਚ ਉਦਯੋਗਪਤੀ ਗੌਤਮ ਅਡਾਨੀ ਵਿਰੁਧ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਦਰਮਿਆਨ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ। ਇਸ ਦਾ ਅਸਰ ਸਥਾਨਕ ਬਾਜ਼ਾਰ ’ਤੇ ਵੀ ਪਿਆ।
ਇਸ ਤੋਂ ਇਲਾਵਾ ਵਿਦੇਸ਼ੀ ਸੰਸਥਾਗਤ ਫੰਡਾਂ ਦੀ ਨਿਕਾਸੀ ਅਤੇ ਏਸ਼ੀਆਈ ਅਤੇ ਯੂਰਪੀਅਨ ਸ਼ੇਅਰ ਬਾਜ਼ਾਰਾਂ ਵਿਚ ਕਮਜ਼ੋਰ ਰੁਝਾਨ ਨੇ ਵੀ ਧਾਰਨਾ ਨੂੰ ਪ੍ਰਭਾਵਤ ਕੀਤਾ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 422.59 ਅੰਕ ਯਾਨੀ 0.54 ਫੀ ਸਦੀ ਦੀ ਗਿਰਾਵਟ ਨਾਲ 77,155.79 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 775.65 ਦੇ ਹੇਠਲੇ ਪੱਧਰ ’ਤੇ ਆ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 168.60 ਅੰਕ ਯਾਨੀ 0.72 ਫੀ ਸਦੀ ਡਿੱਗ ਕੇ 23,349.90 ਅੰਕ ’ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ ਅਡਾਨੀ ਪੋਰਟਸ 13 ਫੀ ਸਦੀ ਡਿੱਗ ਗਏ। ਅਮਰੀਕੀ ਵਕੀਲਾਂ ਨੇ ਗੌਤਮ ਅਡਾਨੀ ’ਤੇ ਭਾਰਤ ’ਚ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਰੀਪੋਰਟਾਂ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਆਈ ਹੈ। ਅਡਾਨੀ ਐਂਟਰਪ੍ਰਾਈਜ਼ਜ਼ਜ਼, ਅਡਾਨੀ ਐਨਰਜੀ ਸਾਲਿਊਸ਼ਨਜ਼, ਅਡਾਨੀ ਪੋਰਟਸ ਅਤੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ’ਚ 23 ਫੀ ਸਦੀ ਤਕ ਦੀ ਗਿਰਾਵਟ ਆਈ। ਅਡਾਨੀ ਸਮੂਹ ਦੇ ਸ਼ੇਅਰਾਂ ’ਚ ਗਿਰਾਵਟ ਕਾਰਨ ਵੀਰਵਾਰ ਨੂੰ ਨਿਵੇਸ਼ਕਾਂ ਦੀ ਜਾਇਦਾਦ ’ਚ 5.27 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ।
ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ, ਐਨ.ਟੀ.ਪੀ.ਸੀ., ਆਈ.ਟੀ.ਸੀ., ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ ਅਤੇ ਬਜਾਜ ਫਿਨਰਜ਼ ਦੇ ਸ਼ੇਅਰਾਂ ’ਚ ਵੀ ਗਿਰਾਵਟ ਆਈ। ਦੂਜੇ ਪਾਸੇ ਪਾਵਰ ਗ੍ਰਿਡ, ਅਲਟਰਾਟੈਕ ਸੀਮੈਂਟ, ਐਚ.ਸੀ.ਐਲ. ਟੈਕਨੋਲੋਜੀਜ਼ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 3,411.73 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਮਹਾਰਾਸ਼ਟਰ ’ਚ ਚੋਣਾਂ ਕਾਰਨ ਬੁਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਬੰਦ ਰਿਹਾ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ’ਚ ਬੰਦ ਹੋਏ ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇਜ਼ੀ ਨਾਲ ਬੰਦ ਹੋਇਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.13 ਫੀ ਸਦੀ ਦੀ ਤੇਜ਼ੀ ਨਾਲ 73.71 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਮੰਗਲਵਾਰ ਨੂੰ ਬੀ.ਐਸ.ਈ. ਸੈਂਸੈਕਸ 239.37 ਅੰਕ ਅਤੇ ਐਨ.ਐਸ.ਈ. ਨਿਫਟੀ 64.70 ਅੰਕ ਵਧਿਆ ਸੀ। (ਪੀਟੀਆਈ)
(For more news apart from Sensex fell 423 points due to four-way selling,Huge fall in Adani companies' shares News in Punjabi, stay tuned to Rozana Spokesman)