
ਜੀਈ ਏਅਰੋਸਪੇਸ ਨੇ ਐਚ.ਏ.ਐਲ. ਨਾਲ ਕੀਤਾ ਸਮਝੌਤਾ
ਨਵੀਂ ਦਿੱਲੀ : ਇਕ ਅਹਿਮ ਸਮਝੌਤੇ ਤਹਿਤ ਅਮਰੀਕੀ ਕੰਪਨੀ ਜੀਈ ਏਅਰੋਸਪੇਸ ਨੇ ਭਾਰਤੀ ਹਵਾਈ ਫ਼ੌਜ ਦੇ ਹਲਕੇ ਲੜਾਕੂ ਜਹਾਜ਼ (ਐਲ.ਸੀ.ਏ)-ਐਮਕੇ-2 ਤੇਜਸ ਦੇ ਜੈਟ ਇੰਜਣ ਦੇ ਸਾਂਝੇ ਉਤਪਾਦਨ ਲਈ ਵੀਰਵਾਰ ਨੂੰ ਹਿੰਦੁਸਤਾਨ ਏਅਰੋਨਾਟਿਕਸ ਲਿਮਟੇਡ (ਐਚ.ਏ.ਐਲ.) ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਯਾਤਰਾ ਦੌਰਾਨ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਪਹਿਲੀ ਲੇਡੀ ਜਿਲ ਬਾਈਡੇਨ ਦੇ ਸੱਦੇ ’ਤੇ ਅਮਰੀਕਾ ਦੀ ਯਾਤਰਾ ’ਤੇ ਹਨ।
ਅਮਰੀਕੀ ਕੰਪਨੀ ਨੇ ਅਪਣੇ ਬਿਆਨ ਵਿਚ ਕਿਹਾ, ‘‘ਇਸ ਸਮਝੌਤੇ ’ਚ ਜੀਈ ਏਅਰੋਸਪੇਸ ਦੇ ਐਫ਼414 ਇੰਜਣ ਦੇ ਭਾਰਤ ਵਿਚ ਸਾਂਝੇ ਉਤਪਾਦਨ ਦੀ ਸੰਭਾਵਨਾ ਸ਼ਾਮਲ ਹੈ ਅਤੇ ਜੀਈ ਏਅਰੋਸਪੇਸ ਅਮਰੀਕੀ ਸਰਕਾਰ ਨਾਲ ਇਸ ਉਦੇਸ਼ ਲਈ ਜ਼ਰੂਰੀ ਨਿਰਯਾਤ ਅਧਿਕਾਰ ਪ੍ਰਾਪਤ ਕਰਨ ਲਈ ਕੰਮ ਕਰਨਾ ਚਾਰੀ ਰਖੇਗਾ। ’’ ਉਸ ਨੇ ਐਚਏਐਲ ਨਾਲ ਸਮਝੌਤੇ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਰਖਿਆ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਣ ਕਾਰਕ ਦਸਿਆ ਹੈ।
ਇਹ ਵੀ ਪੜ੍ਹੋ: ਪੱਛੜੇ ਵਰਗਾਂ ਦੇ ਬੱਚਿਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਦਿਤੇ ਜਾਣ ਬਰਾਬਰ ਮੌਕੇ : ਹਾਈ ਕੋਰਟ
ਜੀਈ ਏਅਰੋਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਜੀਈ ਦੇ ਪ੍ਰਧਾਨ ਐਚ ਲਾਰੇਂਸ ਕਲਪ ਜੂਨੀਅਰ ਨੇ ਕਿਹਾ, ‘‘ਇਹ ਇਤਿਹਾਸਕ ਸਮਝੌਤਾ ਭਾਰਤ ਅਤੇ ਐਚਏਐਲ ਨਾਲ ਸਾਡੇ ਗਠਜੋੜ ਦੇ ਕਾਰਨ ਸੰਭਵ ਹੋਇਆ ਹੈ। ਇਹ ਸਮਝੌਤਾ ਜੀਈ ਏਅਰੋਸਪੇਸ ਦੇ ਭਾਰਤੀ ਹਵਾਈ ਫ਼ੌਜ ਦੇ ਐਲਸੀਏ-ਐਮਕੇ-2 ਪ੍ਰੋਗਰਾਮ ਲਈ 99 ਇੰਜਣ ਦਾ ਨਿਰਮਾਣ ਕਰਨ ਦੀ ਵਚਨਬੱਧਤਾ ਨੂੰ ਸੌਖਾ ਬਣਾਏਗਾ।
ਬਿਆਨ ਮੁਤਾਬਕ,‘‘ਇਸ ਸਮਝੌਤਾ ਕੰਪਨੀ ਨੂੰ ਭਾਰਪ ਵਿਚ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਲਈ ਮਜ਼ਬੂਤ ਸਥਿਤੀ ਵਿਚ ਰਖੇਗਾ ਜਿਸ ਵਿਚ ਐਫ਼404 ਇੰਜਣ ਸ਼ਾਮਲ ਹੈ ਜਿਸ ਦਾ ਹਾਲੇ ਐਲਸੀਏ ਐਮਕੇ 1 ਅਤੇ ਐਲਸੀਏ ਐਮਕੇ 1ਏ ਜਹਾਜ਼ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ। ਨਾਲ ਹੀ ਸਾਡੇ ਐਮ414-ਆਈਐਨਐਸ6 ਇੰਜਣ ਨਾਲ ਏਐਮਸੀਏ ਪ੍ਰੋਗਰਾਮ ਲਈ ਖਰੜਾ ਤੈਆਰ ਕਰਨ, ਪੀ੍ਰਖਣ ਅਤੇ ਪ੍ਰਮਾਣ ਕਰਨ ਵਿਚ ਜੀਈ ਏਅਰੋਸਪੇਸ ਦੀ ਚੋਣ ਕਰਨਾ ਵੀ ਸ਼ਾਮਲ ਹੈ।’’ ਇਹ ਸਮਝੌਤਾ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਹਾਲੇ ਤਕ ਰੂਸ ਅਤੇ ਯੁਰਪੀ ਗਠਜੋੜ ਤੋਂ ਫ਼ੌਜੀ ਜੈਟ ਲੈਂਦਾ ਰਿਹਾ ਹੈ। ਹਾਲ ਵਿਚ ਭਾਰਤ ਨੇ ਫ਼੍ਰਾਂਸੀਸੀ ਲੜਾਕੂ ਜਹਾਜ਼ ਨਿਰਮਾਤਾ ਦੇਸਾਨ ਨਾਲ ਭਾਰਤੀ ਹਵਾਈ ਫ਼ੌਜ ਲਈ ਰਾਫ਼ੇਲ ਲੜਾਕੂ ਜਹਾਜ਼ ਖ਼੍ਰੀਦਿਆ ਸੀ।