
ਉਹ ਦਿਨ ਦੂਰ ਨਹੀਂ ਜਦੋਂ ‘ਵੰਦੇ ਭਾਰਤ’ ਰੇਲ ਗੱਡੀਆਂ ਦੇਸ਼ ਦੇ ਹਰ ਹਿੱਸੇ ਨੂੰ ਜੋੜਨਗੀਆਂ : ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 11 ਸੂਬਿਆਂ ਦੇ ਧਾਰਮਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਜੋੜਨ ਵਾਲੀਆਂ 9 ‘ਵੰਦੇ ਭਾਰਤ’ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਰੇਲ ਗੱਡੀਆਂ ਦੇਸ਼ ਦੇ ਹਰ ਹਿੱਸੇ ਨੂੰ ਜੋੜਨਗੀਆਂ।
ਉਨ੍ਹਾਂ ਇਸ ਮੌਕੇ ਕਿਹਾ ਕਿ ਵੰਡੇ ਭਾਰਤ ਰੇਲ ਗੱਡੀਆਂ ਦੀ ਮਕਬੂਲੀਅਤ ਲਗਾਤਾਰ ਵਧ ਰਹੀ ਹੈ ਅਤੇ ਦੇਸ਼ ਦੇ ਹਰ ਹਿੱਸੇ ’ਚ ਇਸ ਦੀ ਮੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ 9 ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਉਣ ਦੇ ਮੌਕੇ ’ਤੇ ਕਿਹਾ ਕਿ ਜਿਨ੍ਹਾਂ ਸਟੇਸ਼ਨਾਂ ਤਕ ਵੰਦੇ ਭਾਰਤ ਐਕਸਪ੍ਰੈੱਸ ਦੀ ਸਹੂਲਤ ਪਹੁੰਚ ਰਹੀ ਹੈ ਉਥੇ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਹਨ।
ਉਨ੍ਹਾਂ ਕਿਹਾ, ‘‘ਵੰਦੇ ਭਾਰਤ ਰੇਲ ਗੱਡੀਆਂ ਨੇ ਸੈਰ-ਸਪਾਟੇ ਅਤੇ ਆਰਥਕ ਗਤੀਵਿਧੀਆਂ ’ਚ ਵੀ ਤੇਜ਼ੀ ਲਿਆ ਦਿਤੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਅੱਜ ਆਤਮਵਿਸ਼ਵਾਸ ਦਾ ਜੋ ਵਾਤਾਵਰਣ ਬਣਿਆ ਹੈ ਉਸ ਤਰ੍ਹਾਂ ਦਾ ਪਿਛਲੇ ਕਈ ਦਹਾਕਿਆਂ ’ਚ ਨਹੀਂ ਹੋਇਆ। ਉਨ੍ਹਾਂ ਨੇ ਭਾਰਤੀ ਰੇਲਵੇ ਨੂੰ ਦੇਸ਼ ’ਚ ਬਹੁਤ ਸਾਰੇ ਰੇਲਵੇ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਵਲੋਂ ਸੰਚਾਲਿਤ ਕਰਨ ਲਈ ਵਧਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੇਲਵੇ ’ਚ ਸਫ਼ਰ ਨੂੰ ਆਸਾਨ ਬਣਾਉਣ ’ਤੇ ਲਗਾਤਾਰ ਜ਼ੋਰ ਦੇ ਰਹੀ ਹੈ।
ਉਨ੍ਹਾਂ ਕਿਹਾ, ‘‘ਵੰਦੇ ਭਾਰਤ ਟ੍ਰੇਨ ਇਸ ਭਾਵਨਾ ਦਾ ਪ੍ਰਤੀਬਿੰਬ ਹੈ। ਭਾਰਤੀ ਰੇਲਵੇ ਦੇਸ਼ ਦੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦਾ ਸਭ ਤੋਂ ਭਰੋਸੇਮੰਦ ਭਾਈਵਾਲ ਹੈ। ਇਕ ਦਿਨ ’ਚ ਇਸ ’ਚ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ਕਈ ਦੇਸ਼ਾਂ ਦੀ ਆਬਾਦੀ ਦੇ ਬਰਾਬਰ ਵੀ ਨਹੀਂ ਹੈ।’’ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਵਲ ਜ਼ਿਆਦਾ ਧਿਆਨ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਭਾਰਤੀ ਰੇਲਵੇ ਨੂੰ ਮੁੜ ਸੁਰਜੀਤ ਕਰਨ ’ਤੇ ਜ਼ੋਰ ਦੇ ਰਹੀ ਹੈ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਬਜਟ ਨਾਲੋਂ ਰੇਲਵੇ ਨੂੰ ਕਈ ਗੁਣਾ ਵਧਾ ਦਿਤਾ ਹੈ ਅਤੇ ਰੇਲਵੇ ਦੇ ਆਧੁਨਿਕੀਕਰਨ ਵਲ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਮੁਸਾਫ਼ਰਾਂ ਲਈ ਆਸਾਨੀ ਨਾਲ ਵਰਤੋਂ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਅਪਣੇ ਸੰਬੋਧਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ 11 ਸੂਬਿਆਂ ’ਚ ਧਾਰਮਕ ਅਤੇ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲੀਆਂ 9 ਵੰਦੇ ਭਾਰਤ’ ਰੇਲਗੱਡੀਆਂ ਨੂੰ ਹਰੀ ਝੰਡੀ ਵਿਖਾਈ। ਇਨ੍ਹਾਂ ਸੂਬਿਆਂ ’ਚ ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪਛਮੀ ਬੰਗਾਲ, ਕੇਰਲ, ਉੜੀਸਾ, ਝਾਰਖੰਡ ਅਤੇ ਗੁਜਰਾਤ ਸ਼ਾਮਲ ਹਨ।
ਨਵੀਂ ‘ਵੰਦੇ ਭਾਰਤ’ ਰੇਲ ਗੱਡੀਆਂ ਉਦੈਪੁਰ-ਜੈਪੁਰ, ਤਿਰੂਨੇਲਵੇਲੀ-ਮਦੁਰਾਈ-ਚੇਨਈ, ਹੈਦਰਾਬਾਦ-ਬੈਂਗਲੁਰੂ, ਵਿਜੇਵਾੜਾ-ਚੇਨਈ, ਪਟਨਾ-ਹਾਵੜਾ, ਕਾਸਰਗੋਡ-ਤਿਰੂਵਨੰਤਪੁਰਮ, ਰਾਊਰਕੇਲਾ-ਭੁਵਨੇਸ਼ਵਰ-ਪੁਰੀ, ਰਾਂਚੀ-ਹਾਵੜਾ ਅਤੇ ਜਾਮਦਾਬਾਦ-ਜਾਮਨਗਰ ਵਿਚਕਾਰ ਚੱਲਣਗੀਆਂ। ਰੁਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈਸ ਅਤੇ ਤਿਰੂਨੇਲਵੇਲੀ-ਮਦੁਰਾਈ-ਚੇਨਈ ਵੰਦੇ ਭਾਰਤ ਐਕਸਪ੍ਰੈਸ ਪੁਰੀ ਅਤੇ ਮਦੁਰਾਈ ਵਰਗੇ ਮਹੱਤਵਪੂਰਨ ਧਾਰਮਕ ਸਥਾਨਾਂ ਵਿਚਕਾਰ ਸੰਪਰਕ ਵਧਾਏਗੀ। ਵਿਜੇਵਾੜਾ-ਚੇਨਈ ਵੰਦੇ ਭਾਰਤ ਐਕਸਪ੍ਰੈਸ ਰੇਨੀਗੁੰਟਾ ਰਾਹੀਂ ਚੱਲੇਗੀ ਅਤੇ ਤਿਰੂਪਤੀ ਦੇ ਧਾਰਮਕ ਸਥਾਨ ਨਾਲ ਸੰਪਰਕ ਪ੍ਰਦਾਨ ਕਰੇਗੀ।
ਇਸ ਤੋਂ ਪਹਿਲਾਂ, ਇਕ ਬਿਆਨ ਵਿਚ ਕਿਹਾ ਗਿਆ ਸੀ ਕਿ ਇਹ ਰੇਲ ਗੱਡੀਆਂ ਦੇਸ਼ ਭਰ ਵਿਚ ਸੰਪਰਕ ਵਿਚ ਸੁਧਾਰ ਕਰਨ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵਲ ਇਕ ਕਦਮ ਹੈ।