
ਆਰ.ਆਈ.ਐਲ. ਆਪਣੇ ਦੂਰਸੰਚਾਰ ਕਾਰੋਬਾਰ 'ਚ 20 ਹਜ਼ਾਰ ਕਰੋੜ ਰੁਪਏ ਲਗਾਏਗੀ
ਨਵੀਂ ਦਿੱਲੀ : ਪਟਰੌਲੀਅਮ, ਦੂਰਸੰਚਾਰ ਅਤੇ ਖੁਦਰਾ ਕਾਰੋਬਾਰ ਕਰਨ ਵਾਲੀ ਨਿੱਜੀ ਖੇਤਰ ਦੀ ਟਾਪ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਪਣੇ ਪੂੰਜੀ ਖ਼ਰਚ ਲਈ ਵਿਦੇਸ਼ੀ ਰਿਣਦਾਤਾਵਾਂ ਦੇ ਨਾਲ 1.85 ਅਰਬ ਡਾਲਰ (ਕਰੀਬ 12,900 ਕਰੋੜ ਰੁਪਏ) ਦਾ ਲੰਮਾਂ ਸਮਾਂ ਕਰਜ਼ ਸਮਝੌਤਾ ਕੀਤਾ ਹੈ।
Reliance
ਕੰਪਨੀ ਨੇ ਵਿੱਤਪੋਸ਼ਣ ਦੀ ਇਹ ਵਿਵਸਥਾ ਅਜਿਹੇ ਸਮੇਂ ਕੀਤੀ ਹੈ ਜਦੋਂ ਇਸ ਤਰ੍ਹਾਂ ਦੀ ਰੀਪੋਰਟ ਆਈ ਹੈ ਕਿ ਆਰ.ਆਈ.ਐਲ. ਆਪਣੇ ਦੂਰਸੰਚਾਰ ਕਾਰੋਬਾਰ 'ਚ 20 ਹਜ਼ਾਰ ਕਰੋੜ ਰੁਪਏ ਲਗਾਏਗੀ। ਮੰਨਿਆ ਜਾ ਰਿਹਾ ਹੈ ਕਿ ਜਿਓ ਦੇ 5ਜੀ ਮੋਬਾਈਲ ਟੈਲੀਫ਼ੋਨ ਸੇਵਾਵਾਂ 'ਚ ਸੰਭਾਵਤ ਪ੍ਰਵੇਸ਼ ਨੂੰ ਵੇਖਦੇ ਹੋਏ ਕੰਪਨੀ ਅਪਣੇ ਬ੍ਰਾਡਬੈਂਡ ਅਤੇ ਈ-ਕਾਮਰਸ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਆਰ.ਆਈ.ਐਲ. ਨੇ ਰੈਗੂਲੇਟਰ ਸੂਚਨਾ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਪਨੀ ਨੇ ਵਿਦੇਸ਼ੀ ਕਰਜ਼ਦਾਤਾਵਾਂ ਦੇ ਨਾਲ ਕੁੱਲ 1.85 ਅਰਬ ਡਾਲਰ ਦਾ ਲੰਮਾ ਸਮਾਂ ਕਰਜ਼ ਸਮਝੌਤਾ ਕੀਤਾ ਹੈ।
Reliance Industries Limited
ਇਹ ਕਰਜ਼ ਕੰਪਨੀ ਤਰਜ਼ੀਹੀ ਤੌਰ 'ਤੇ ਅਪਣੇ ਯੋਜਨਾਬਧ ਪੂੰਜੀ ਖ਼ਰਚ ਨੂੰ ਪੂਰਾ ਕਰਨ ਲਈ ਜੁਟਾਏਗੀ। ਕੰਪਨੀ ਨੇ ਹਾਲਾਂਕਿ ਇਸ ਕਰਜ਼ ਦਾ ਸਮਾਂ ਅਤੇ ਵਿਆਜ ਦਰ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ। ਆਰ.ਆਈ.ਐਲ. ਨੇ ਕਿਹਾ ਕਿ ਕਾਰਪੋਰੇਟ ਕਾਰਜ ਮੰਤਰਾਲੇ ਵਲੋਂ ਮੰਗੀ ਗਈ ਜਾਣਕਾਰੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਮੰਤਰਾਲੇ ਨੇ ਹਾਲ ਹੀ 'ਚ ਸੀ.ਐਸ.ਆਰ. ਪ੍ਰਾਜੈਕਟ 'ਤੇ ਹੋਰ ਸੂਚਨਾ ਮੰਗੀ ਸੀ ਅਤੇ ਕੰਪਨੀ ਇਹ ਜਾਣਕਾਰੀ ਉਪਲੱਬਧ ਕਰਵਾਉਣ ਦੀ ਪ੍ਰਕਿਰਿਆ 'ਚ ਹੈ।