
ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ, ਪੜ੍ਹਾਈ ਤੋਂ ਲੈ ਕੇ ਨੌਕਰੀ, ਪਰਵਾਰ...
ਚੰਡੀਗੜ੍ਹ : ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ, ਪੜ੍ਹਾਈ ਤੋਂ ਲੈ ਕੇ ਨੌਕਰੀ, ਪਰਵਾਰ ਦੀ ਰੋਜ਼ੀ ਰੋਟੀ ਤੋਂ ਲੈ ਕੇ ਸਾਰੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਰਿਲਾਇੰਸ ਫਾਊਂਡੇਸ਼ਨ ਨੇ ਇੱਛਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਫਾਊਂਡੇਸ਼ਨ ਨੇ ਜਵਾਨਾਂ ਦੇ ਇਲਾਜ ਲਈ ਅਪਣੇ ਹਸਪਤਾਲ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਰਿਲਾਇੰਸ ਫਾਊਂਡੇਸ਼ਨ ਨੇ ਕਿਹਾ ਕਿ ਜਿਸ ਤਰ੍ਹਾਂ ਜਵਾਨ ਸਰਹੱਦਾਂ ‘ਤੇ ਅਪਣੀ ਜਾਨ ਦੀ ਪਰਵਾਹ ਨਾ ਕਰਕੇ ਦੇਸ਼ ਦੀ ਰਾਖੀ ਕਰਦੇ ਹਨ ਉਸੇ ਤਰ੍ਹਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪਰਵਾਰ ਦਾ ਖ਼ਿਆਲ ਰੱਖੀਏ।
ਪੁਲਵਾਮਾ ਹਮਲੇ ਵਿਚ ਸ਼ਹੀਦ ਸਾਰੇ ਜਵਾਨਾਂ ਦੇ ਬੱਚਿਆਂ ਅਤੇ ਪਰਵਾਰਾਂ ਦਾ ਖਿਆਲ ਫਾਊਂਡੇਸ਼ਨ ਰੱਖੇਗੀ। ਸ਼ਨਿਚਰਵਾਰ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਵੀ ਪੰਜਾਬ ਦੇ ਚਾਰ ਸ਼ਹੀਦਾਂ ਲਈ ਢਾਈ-ਢਾਈ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਬਾਲੀਵੁੱਡ ਵਿਚ ਵੀ ਇਸ ਹਮਲੇ ਨੂੰ ਲੈ ਕੇ ਸੋਗ ਦੀ ਲਹਿਰ ਹੈ। ਮਸ਼ਹੂਰ ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਵੀ ਸ਼ਹੀਦ ਹੋਏ 40 ਜਵਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਅਮਿਤਾਭ ਬੱਚਨ ਕੁੱਲ 2 ਕਰੋੜ ਰੁਪਏ ਦੀ ਰਕਮ ਦੇ ਰਹੇ ਹਨ। ਇਸ ਘਟਨਾ ’ਤੇ ਤਕਰੀਬਨ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਗੁੱਸਾ ਜ਼ਾਹਰ ਕੀਤਾ ਹੈ ਤੇ ਸਰਕਾਰ ਨੂੰ ਇਸ ਦਾ ਬਦਲਾ ਲੈਣ ਦੀ ਅਪੀਲ ਕੀਤੀ ਹੈ। ਸ਼ਹੀਦ ਜਵਾਨਾਂ ਵਿਚ 2 ਮਹਾਰਾਸ਼ਟਰ ਦੇ ਜ਼ਿਲ੍ਹਾ ਬੁਲਢਾਨਾ ਦੇ ਜਵਾਨ ਹਨ। ਟਰੱਸਟ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਨ੍ਹਾਂ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ਼ਹੀਦ ਜਵਾਨਾਂ ਦੇ ਵਾਰਸਾਂ ਨਾਲ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ਤੇ ਹਰ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।