
ਰਾਤ ਦਾ ਮੌਸਮ ਇਕ ਦਹਾਕੇ ਪਹਿਲਾਂ ਵਾਂਗ ਠੰਢਾ ਨਹੀਂ ਹੋ ਰਿਹਾ
ਨਵੀਂ ਦਿੱਲੀ: ਇਕ ਨਵੇਂ ਅਧਿਐਨ ਮੁਤਾਬਕ ਭਾਰਤ ਦੇ ਮਹਾਨਗਰਾਂ ’ਚ ਕੰਕਰੀਟਕਰਨ ਅਤੇ ਨਮੀ ਦਾ ਵਧਦਾ ਪੱਧਰ ਗਰਮੀ ਨੂੰ ਵਧਾ ਰਿਹਾ ਹੈ, ਜਿੱਥੇ ਰਾਤ ਦਾ ਮੌਸਮ ਇਕ ਦਹਾਕੇ ਪਹਿਲਾਂ ਵਾਂਗ ਠੰਢਾ ਨਹੀਂ ਹੋ ਰਿਹਾ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਦੀ ਇਕ ਨਵੀਂ ਰੀਪੋਰਟ ਵਿਚ ਇਹ ਗੱਲ ਕਹੀ ਗਈ ਹੈ।
ਸੀ.ਐਸ.ਈ. ਨੇ ਜਨਵਰੀ 2001 ਤੋਂ ਅਪ੍ਰੈਲ 2024 ਤਕ ਛੇ ਮਹਾਨਗਰਾਂ - ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ ਅਤੇ ਚੇਨਈ ਲਈ ਗਰਮੀਆਂ ਦੇ ਹਵਾ ਦੇ ਤਾਪਮਾਨ, ਜ਼ਮੀਨ ਦੀ ਸਤਹ ਦੇ ਤਾਪਮਾਨ ਅਤੇ ਨਮੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।
ਥਿੰਕ ਟੈਂਕ ਨੇ ਕਿਹਾ ਕਿ ਨਮੀ ਵਧਣ ਨਾਲ ਸਾਰੇ ਜਲਵਾਯੂ ਖੇਤਰਾਂ ਵਿਚ ਗਰਮੀ ਦੀ ਸਥਿਤੀ ਵਧ ਰਹੀ ਹੈ, ਹਾਲਾਂਕਿ ਦਿੱਲੀ ਅਤੇ ਹੈਦਰਾਬਾਦ ਵਿਚ ਹਵਾ ਦੇ ਤਾਪਮਾਨ ਵਿਚ ਥੋੜ੍ਹੀ ਜਿਹੀ ਗਿਰਾਵਟ ਬੇਅਸਰ ਸਾਬਤ ਹੋ ਰਹੀ ਹੈ।
ਬੈਂਗਲੁਰੂ ਨੂੰ ਛੱਡ ਕੇ ਬਾਕੀ ਪੰਜ ਮਹਾਨਗਰਾਂ ’ਚ 2001-2010 ਦੇ ਔਸਤ ਦੇ ਮੁਕਾਬਲੇ 2014-2023 ’ਚ ਗਰਮੀਆਂ ’ਚ ਨਮੀ ਦੀ ਮਾਤਰਾ ’ਚ 5-10 ਫੀ ਸਦੀ ਦਾ ਵਾਧਾ ਹੋਇਆ ਹੈ। ਸੀ.ਐਸ.ਈ. ਦੀ ਰੀਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਤਪਦੀ ਗਰਮੀ ਦੀ ਲਹਿਰ ਭਾਰਤ ਦੇ ਵੱਡੇ ਹਿੱਸਿਆਂ ’ਚ ਸਿਹਤ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰ ਰਹੀ ਹੈ।
ਸੀ.ਐਸ.ਈ. ’ਚ ਖੋਜ ਮਾਮਲਿਆਂ ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਨੇ ਕਿਹਾ, ‘‘ਸ਼ਹਿਰੀ ਕੇਂਦਰਾਂ ਲਈ ਇਕ ਵਿਆਪਕ ਗਰਮੀ ਪ੍ਰਬੰਧਨ ਯੋਜਨਾ ਵਿਕਸਤ ਕਰਨ ਲਈ, ਦਿਨ ਅਤੇ ਰਾਤ ਦੇ ਤਾਪਮਾਨ ਦੇ ਨਾਲ-ਨਾਲ ਗਰਮੀ ਨਾਲ ਨਮੀ ਅਤੇ ਜ਼ਮੀਨ ਦੀ ਸਤਹ ਦੇ ਤਾਪਮਾਨ ’ਚ ਬਦਲਦੇ ਰੁਝਾਨ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ।’’
ਸੀ.ਐਸ.ਈ. ਦੀ ਸ਼ਹਿਰ ਦੀ ਪ੍ਰਯੋਗਸ਼ਾਲਾ ਦੇ ਸੀਨੀਅਰ ਪ੍ਰੋਗਰਾਮ ਮੈਨੇਜਰ ਅਵਿਕਲ ਸੋਮਵੰਸ਼ੀ ਨੇ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਅਤੇ ਨਮੀ ਨਾਲ ਨਜਿੱਠਣਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਇਹ ਮਨੁੱਖੀ ਸਰੀਰ ਦੀ ਖ਼ੁਦ ਨੂੰ ਮੁੱਖ ਠੰਢਾ ਕਰਨ ਦੀ ਵਿਧੀ ‘ਪਸੀਨੇ’ ਨੂੰ ਪ੍ਰਭਾਵਤ ਕਰ ਸਕਦਾ ਹੈ।
ਉਨ੍ਹਾਂ ਕਿਹਾ, ‘‘ਚਮੜੀ ਤੋਂ ਪਸੀਨੇ ਦਾ ਵਾਸ਼ਪੀਕਰਨ ਸਾਡੇ ਸਰੀਰ ਨੂੰ ਠੰਢਾ ਕਰਦਾ ਹੈ, ਪਰ ਉੱਚ ਨਮੀ ਦਾ ਪੱਧਰ ਇਸ ਕੁਦਰਤੀ ਠੰਢਕ ਨੂੰ ਸੀਮਤ ਕਰਦਾ ਹੈ। ਨਤੀਜੇ ਵਜੋਂ ਲੋਕ ਗਰਮੀ ਅਤੇ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ।’’ ਅਧਿਐਨ ’ਚ ਕਿਹਾ ਗਿਆ ਹੈ ਕਿ ਰਾਤ ਨੂੰ ਵੀ ਮਹਾਨਗਰਾਂ ’ਚ ਠੰਢਕ ਨਹੀਂ ਹੁੰਦੀ।
ਸੋਮਵੰਸ਼ੀ ਨੇ ਕਿਹਾ, ‘‘ਗਰਮ ਰਾਤਾਂ ਦੁਪਹਿਰ ਦੇ ਬਹੁਤ ਜ਼ਿਆਦਾ ਤਾਪਮਾਨ ਵਾਂਗ ਖਤਰਨਾਕ ਹੁੰਦੀਆਂ ਹਨ। ਜੇਕਰ ਰਾਤ ਭਰ ਤਾਪਮਾਨ ਜ਼ਿਆਦਾ ਰਹਿੰਦਾ ਹੈ ਤਾਂ ਲੋਕਾਂ ਨੂੰ ਦਿਨ ਦੀ ਗਰਮੀ ਤੋਂ ਠੀਕ ਹੋਣ ਦਾ ਮੌਕਾ ਘੱਟ ਮਿਲਦਾ ਹੈ।’’
ਅਧਿਐਨ ਵਿਚ ਕਿਹਾ ਗਿਆ ਹੈ ਕਿ ਨਮੀ ਦੇ ਵਧਦੇ ਪੱਧਰ ਨੇ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿਚ ਮਾਨਸੂਨ ਨੂੰ ਮਾਨਸੂਨ ਤੋਂ ਪਹਿਲਾਂ ਦੇ ਸਮੇਂ ਨਾਲੋਂ ਗਰਮ ਬਣਾ ਦਿਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਸਾਰੇ ਮਹਾਨਗਰਾਂ ਵਿਚ ਵਧੇਰੇ ਕੰਕਰੀਟਕਰਨ ਹੋਇਆ ਹੈ, ਜਿਸ ਨਾਲ ਗਰਮੀ ਦੀ ਸਥਿਤੀ ਵਿਚ ਵਾਧਾ ਹੋਇਆ ਹੈ। ਸੀ.ਐਸ.ਈ. ਨੇ ਉਜਾਗਰ ਕੀਤਾ ਕਿ ਹਰੇ ਕਵਰ ’ਚ ਵਾਧਾ ਰਾਤ ਦੀ ਗਰਮੀ ਨੂੰ ਘਟਾਉਣ ’ਚ ਪ੍ਰਭਾਵਸ਼ਾਲੀ ਨਹੀਂ ਹੈ। (ਪੀਟੀਆਈ)
ਭਾਰਤ ਦੇ ਸ਼ਹਿਰਾਂ ’ਚ ਰਾਤ ਸਮੇਂ ਗੈਰ-ਸ਼ਹਿਰੀ ਇਲਾਕਿਆਂ ਨਾਲੋਂ 60٪ ਵੱਧ ਗਰਮ : ਅਧਿਐਨ
ਨਵੀਂ ਦਿੱਲੀ: ਭਾਰਤੀ ਤਕਨਾਲੋਜੀ ਸੰਸਥਾਨ-ਭੁਵਨੇਸ਼ਵਰ ਦੇ ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਸ਼ਹਿਰੀਕਰਨ ਕਾਰਨ ਭਾਰਤ ਦੇ 140 ਤੋਂ ਜ਼ਿਆਦਾ ਵੱਡੇ ਸ਼ਹਿਰਾਂ ’ਚ ਅਪਣੇ ਆਲੇ-ਦੁਆਲੇ ਦੇ ਗੈਰ-ਸ਼ਹਿਰੀ ਇਲਾਕਿਆਂ ਨਾਲੋਂ 60 ਫੀ ਸਦੀ ਜ਼ਿਆਦਾ ਗਰਮ ਰਾਤ ਹੁੰਦੀ ਹੈ।
ਖੋਜ ਅਨੁਸਾਰ ਅਹਿਮਦਾਬਾਦ, ਜੈਪੁਰ, ਰਾਜਕੋਟ ’ਚ ਸ਼ਹਿਰੀਕਰਨ ਦਾ ਸੱਭ ਤੋਂ ਵੱਧ ਅਸਰ ਹੈ, ਇਸ ਤੋਂ ਬਾਅਦ ਦਿੱਲੀ-ਐਨ.ਸੀ.ਆਰ. ਚੌਥੇ ਅਤੇ ਪੁਣੇ ਪੰਜਵੇਂ ਸਥਾਨ ’ਤੇ ਹੈ। ਸ਼ਹਿਰੀਕਰਨ ਨੂੰ ‘ਅਰਬਨ ਹੀਟ ਆਈਲੈਂਡ’ (ਯੂ.ਐਚ.ਆਈ.) ਪ੍ਰਭਾਵ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ‘ਅਰਬਨ ਹੀਟ ਆਈਲੈਂਡ’ ਦਾ ਮਤਲਬ ਹੈ ਕਿ ਕੰਕਰੀਟ ਅਤੇ ਡਾਮਰ (ਸੜਕਾਂ ਅਤੇ ਫੁੱਟਪਾਥ ਦੇ ਨਿਰਮਾਣ ਵਿਚ ਵਰਤੀ ਜਾਂਦੀ) ਦੀਆਂ ਸਤਹਾਂ ਦਿਨ ਦੌਰਾਨ ਗਰਮੀ ਨੂੰ ਸੋਖਦੀਆਂ ਹਨ ਅਤੇ ਸ਼ਾਮ ਨੂੰ ਛੱਡਦੀਆਂ ਹਨ ਜਿਸ ਨਾਲ ਰਾਤ ਦੇ ਸਮੇਂ ਤਾਪਮਾਨ ਵੱਧ ਜਾਂਦਾ ਹੈ।
‘ਨੇਚਰ ਸਿਟੀਜ਼’ ’ਚ ਪ੍ਰਕਾਸ਼ਿਤ ਅਧਿਐਨ ’ਚ ਖੋਜਕਰਤਾਵਾਂ ਨੇ ਕਿਹਾ ਕਿ ਸਮੇਂ ਦੇ ਨਾਲ ਇਹ ਗਰਮੀ ਮੀਂਹ ਅਤੇ ਪ੍ਰਦੂਸ਼ਣ ਸਮੇਤ ਜਲਵਾਯੂ ਦੇ ਹੋਰ ਪਹਿਲੂਆਂ ਨੂੰ ਪ੍ਰਭਾਵਤ ਕਰਦੀ ਹੈ। ਅਧਿਐਨ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਸ਼ਹਿਰੀਕਰਨ ਅਤੇ ਸਥਾਨਕ ਜਲਵਾਯੂ ਤਬਦੀਲੀ ਨੇ ਪਿਛਲੇ ਦੋ ਦਹਾਕਿਆਂ (2003-2020) ’ਚ ਰਾਤ ਦੇ ਤਾਪਮਾਨ ’ਚ ਵਾਧੇ ’ਚ ਯੋਗਦਾਨ ਪਾਇਆ।
ਖੋਜ ’ਚ ਲਿਖਿਆ ਗਿਆ, ‘‘ਦੇਸ਼ ਭਰ ਦੇ ਇਨ੍ਹਾਂ ਸਾਰੇ ਸ਼ਹਿਰਾਂ ’ਚ ਪ੍ਰਤੀ ਦਹਾਕੇ ਔਸਤਨ 0.2 ਡਿਗਰੀ ਸੈਲਸੀਅਸ ਦਾ ਸ਼ਹਿਰੀ ਪ੍ਰਭਾਵ ਦਰਜ ਕੀਤਾ ਗਿਆ। ਕੁਲ ਗਲੋਬਲ ਤਾਪਮਾਨ ਵਾਧੇ ਦਾ ਲਗਭਗ 37.73 ਫ਼ੀ ਸਦੀ ਸ਼ਹਿਰੀਕਰਨ ’ਤੇ ਅਧਾਰਤ ਸੀ, ਜੋ ਆਲੇ-ਦੁਆਲੇ ਦੇ ਗੈਰ-ਸ਼ਹਿਰੀ ਖੇਤਰਾਂ ਨਾਲੋਂ 60 ਫ਼ੀ ਸਦੀ ਵੱਧ ਸੀ।’’
ਉਨ੍ਹਾਂ ਨੇ ਇਹ ਵੀ ਪਾਇਆ ਕਿ ਉੱਤਰ-ਪਛਮੀ, ਉੱਤਰ-ਪੂਰਬੀ ਅਤੇ ਦਖਣੀ ਖੇਤਰਾਂ ਦੇ ਸ਼ਹਿਰਾਂ ’ਚ ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਰਾਤ ਦੇ ਤਾਪਮਾਨ ’ਚ ‘ਸਪੱਸ਼ਟ ਤੌਰ ’ਤੇ ਵਧੇਰੇ ਵਾਧਾ’ ਵੇਖਿਆ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਭਾਰਤ ਦੇ ਪੂਰਬੀ ਅਤੇ ਮੱਧ ਸ਼ਹਿਰਾਂ ਵਿਚ ਰਾਤ ਦੇ ਸਮੇਂ ਤਾਪਮਾਨ ਵਿਚ ਵਾਧੇ ਵਿਚ ਸ਼ਹਿਰੀਕਰਨ ਦਾ ਵੱਡਾ ਯੋਗਦਾਨ ਹੈ, ਜੋ ਤੇਜ਼ੀ ਨਾਲ ਵਿਕਾਸ ਅਤੇ ਸ਼ਹਿਰੀਕਰਨ ਕਰ ਰਹੇ ਹਨ।
ਵਿਸ਼ਲੇਸ਼ਣ ’ਚ ਸ਼ਾਮਲ ਲਗਭਗ ਸਾਰੇ ਸ਼ਹਿਰਾਂ ’ਚ ਰਾਤ ਨੂੰ ਸਤਹ ਦੇ ਤਾਪਮਾਨ ’ਚ ਵਾਧਾ ਵੇਖਿਆ ਜਾ ਰਿਹਾ ਸੀ, ਜਿਸ ’ਚ ਪ੍ਰਤੀ ਦਹਾਕੇ ਔਸਤਨ 0.53 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਸੀ। ਇਸ ਤੋਂ ਇਲਾਵਾ, ਖੋਜਕਰਤਾਵਾਂ ਨੇ ਕਿਹਾ ਕਿ ਰਾਤ ਦੇ ਤਾਪਮਾਨ ’ਚ ਵਾਧੇ ਦਾ ਰੁਝਾਨ ਸਿਰਫ ਸ਼ਹਿਰਾਂ ਤਕ ਸੀਮਤ ਨਹੀਂ ਹੈ।