
ਬੈਂਕ ਮੁਲਾਜ਼ਮਾਂ ਦੇ ਕੋਈ 10 ਲੱਖ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਈ ਬੈਂਕਾਂ ਦੀਆਂ ਸ਼ਾਖ਼ਾਵਾਂ ਦੇ ਕੰਮਕਾਜ 'ਤੇ ਅਸਰ ਪਿਆ ਹੈ। ਭਾਰਤੀ ਸੰਘ ਦੇ ਮਹਿਜ਼ ਦੋ ਫ਼ੀ ਸਦੀ...
ਨਵੀਂ ਦਿੱਲੀ : ਬੈਂਕ ਮੁਲਾਜ਼ਮਾਂ ਦੇ ਕੋਈ 10 ਲੱਖ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਈ ਬੈਂਕਾਂ ਦੀਆਂ ਸ਼ਾਖ਼ਾਵਾਂ ਦੇ ਕੰਮਕਾਜ 'ਤੇ ਅਸਰ ਪਿਆ ਹੈ। ਭਾਰਤੀ ਸੰਘ ਦੇ ਮਹਿਜ਼ ਦੋ ਫ਼ੀ ਸਦੀ ਤਨਖ਼ਾਹ ਵਾਧੇ ਦੇ ਮਤੇ ਦੇ ਵਿਰੋਧ ਵਿਚ ਬੈਂਕ ਮੁਲਾਜ਼ਮਾਂ ਦੀ ਦੇਸ਼ ਭਰ ਵਿਚ ਅੱਜ ਤੋਂ ਸ਼ੁਰੂ ਹੋਈ ਦੋ ਦਿਨਾ ਹੜਤਾਲ ਦਾ ਕਾਫ਼ੀ ਅਸਰ ਵੇਖਣ ਨੁੰ ਮਿਲਿਆ। ਬੈਂਕਾਂ ਦੇ ਦਸ ਲੱਖ ਮੁਲਾਜ਼ਮ ਅੱਜ ਹੜਤਾਲ 'ਤੇ ਸਨ। ਬੈਂਕਿੰਗ ਸੇਵਾਵਾਂ ਲਗਭਗ ਠੱਪ ਹੋ ਕੇ ਰਹਿ ਗਈਆਂ।
ਬੈਂਕ ਯੂਨੀਅਨ ਨੇਤਾ ਅਸ਼ੋਕ ਗੁਪਤਾ ਨੇ ਦਸਿਆ ਕਿ 14-15 ਫ਼ੀ ਸਦੀ ਤਨਖਾਹ ਵਾਧੇ ਤੋਂ ਹੇਠਾਂ ਕਰਮਚਾਰੀ ਮੰਨਣ ਲਈ ਤਿਆਰ ਨਹੀਂ ਹਨ। ਦੋ ਫ਼ੀਸਦੀ ਦੇ ਵਾਧੇ ਦੀ ਗੱਲ ਕਰਮਚਾਰੀਆਂ ਨਾਲ ਮਜ਼ਾਕ ਹੈ। ਜਾਣਕਾਰੀ ਮੁਤਾਬਕ ਹੜਤਾਲ ਕਾਰਨ 20 ਹਜ਼ਾਰ ਕਰੋੜ ਦੇ ਲੈਣ-ਦੇਣ 'ਤੇ ਅਸਰ ਪਿਆ ਹੈ। ਬਹੁਤੀ ਥਾਈਂ ਏਟੀਐਮ ਮਸ਼ੀਨਾਂ ਵਿਚ ਪੈਸੇ ਖ਼ਤਮ ਹੋ ਗਏ।
ਗੁਪਤਾ ਨੇ ਦਸਿਆ ਕਿ ਮੈਨੇਜਮੈਂਟ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਜ਼ਿਆਦਾ ਤਨਖ਼ਾਹ ਦੇਣ ਜਾਂ ਵਧਾਉਣ ਦੀ ਸਥਿਤੀ ਵਿਚ ਨਹੀਂ ਹੈ। ਬੈਂਕ ਕਰਮਚਾਰੀਆਂ ਦੇ ਸੰਗਠਨ ਨੇ ਭਾਰਤੀ ਬੈਂਕ ਸੰਘ (ਆਈਬੀਏ) ਦੇ ਦੋ ਫ਼ੀਸਦੀ ਤਨਖ਼ਾਹ ਵਾਧੇ ਦੀ ਪੇਸ਼ਕਸ਼ ਨੂੰ ਖ਼ਾਰਜ ਕਰ ਦਿਤਾ। ਬੈਂਕ ਕਰਮਚਾਰੀਆਂ ਦਾ ਤਨਖ਼ਾਹ ਵਾਧਾ ਇਕ ਨਵੰਬਰ 2017 ਤੋਂ ਲਟਕਿਆ ਹੋਇਆ ਹੈ।
ਕਰਮਚਾਰੀਆਂ ਦੇ ਸੰਗਠਨ ਏਆਈਬੀਓਸੀ ਦੇ ਜਨਰਲ ਸਕੱਤਰ ਡੀ ਟੀ ਫ੍ਰੈਂਕੋ ਨੇ ਕਿਹਾ ਸੀ ਕਿ ਆਈਬੀਏ ਨੇ ਮਹਿਜ਼ ਦੋ ਫ਼ੀ ਸਦੀ ਵਾਧੇ ਦੀ ਸ਼ੁਰੂਆਤੀ ਪੇਸ਼ਕਸ਼ ਕੀਤੀ ਜਿਸ ਨੂੰ ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਓ) ਨੇ ਖ਼ਾਰਜ ਕਰ ਦਿਤਾ। ਪਿਛਲੀ ਵਾਰ ਆਈਬੀਏ ਨੇ 15 ਫ਼ੀਸਦੀ ਵਾਧਾ ਕੀਤਾ ਸੀ। (ਏਜੰਸੀ)