
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੱਲ ਤੋਂ ਮਨਾ ਕਰ ਦਿਤਾ ਹੈ ਕਿ ਉਹ ਅਮਰੀਕਾ ਨੂੰ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਤੋਂ ਬਾਹਰ ਕੱਢਣ ਦੀ ਯੋਜਨਾ 'ਤੇ ਕੰਮ ਕਰ...
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੱਲ ਤੋਂ ਮਨਾ ਕਰ ਦਿਤਾ ਹੈ ਕਿ ਉਹ ਅਮਰੀਕਾ ਨੂੰ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਤੋਂ ਬਾਹਰ ਕੱਢਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਅਮਰੀਕਾ ਦੇ ਨਾਲ ਬਹੁਤ ਮਾੜਾ ਵਿਹਾਰ ਕਰਨ ਲਈ ਡਬਲਿਊਟੀਓ ਦੀ ਸਖ਼ਤ ਆਲੋਚਨਾ ਕੀਤੀ। ਟਰੰਪ ਦੀ ਇਹ ਟਿੱਪਣੀ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਈ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਟਰੰਪ ਨੇ ਅਪਣੇ ਮੁਖ ਅਧਿਕਾਰੀਆਂ ਤੋਂ ਕਿਹਾ ਹੈ ਕਿ ਉਹ ਅਮਰੀਕਾ ਨੂੰ ਡਬਲਿਊਟੀਓ ਤੋਂ ਬਾਹਰ ਕਰਨਾ ਚਾਹੁੰਦੇ ਹਨ।
WTO
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਡਬਲਿਊਟੀਓ ਦਾ ਸਾਡੇ ਨਾਲ ਬਹੁਤ ਮਾੜਾ ਵਿਹਾਰ ਰਿਹਾ ਹੈ। ਇਹ ਬਹੁਤ ਹੀ ਅਣਉਚਿਤ ਹਾਲਤ ਹੈ। ਤੁਸੀਂ ਜਦੋਂ ਡਬਲਿਊਟੀਓ ਵੱਲ ਦੇਖਦੇ ਹੋ ਤਾਂ ਦਿਖਾਈ ਦਿੰਦਾ ਹੈ ਚੀਨ ਨੇ ਜਦੋਂ ਇਸ ਦੀ ਮੈਂਬਰੀ ਆਪਣੇ ਹੱਥ ਲਈ, ਉਦੋਂ ਤੋਂ ਚੀਨ ਨੂੰ ਹੀ ਇਸ ਵਿਚ ਫਾਇਦਾ ਪਹੁੰਚਿਆ ਹੈ। ਟਰੰਪ ਲੰਮੇ ਸਮੇਂ ਤੋਂ ਡਬਲਿਊਟੀਓ ਦੀ ਨਿੰਦਿਆ ਕਰਦੇ ਰਹੇ ਹਨ। ਉਹ ਅਕਸਰ ਇਹ ਕਹਿੰਦੇ ਰਹੇ ਹਨ ਕਿ ਇਹ ਵਿਸ਼ਵ ਵਪਾਰ ਸੰਸਥਾ ਅਮਰੀਕਾ ਦੇ ਪ੍ਰਤੀ ਭੇਦਭਾਵ ਕਰਦੀ ਹੈ।
Trump
ਰਾਸ਼ਟਰਪਤੀ ਨੇ ਅਪਣੇ ਇਸ ਦੋਸ਼ਾਂ ਨੂੰ ਵੀ ਦੁਹਰਾਇਆ ਕਿ ਦੂਜੇ ਦੇਸ਼ ਅਮਰੀਕਾ ਦਾ ਫ਼ਾਇਦਾ ਉਠਾ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਸੱਭ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਤੋਂ ਠੀਕ ਢੰਗ ਨਾਲ ਗੱਲਬਾਤ ਨਹੀਂ ਕੀਤੇ ਜਾਣ ਦੀ ਵਜ੍ਹਾ ਤੋਂ ਹੋਇਆ ਹੈ। ਡਬਲਿਊਟੀਓ ਨਾਲ ਅਮਰੀਕਾ ਦੇ ਬਾਹਰ ਨਿਕਲਣ ਸਬੰਧੀ ਖਬਰਾਂ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਮੈਂ ਬਾਹਰ ਹੋਣ ਦੀ ਗੱਲ ਨਹੀਂ ਕਰ ਰਿਹਾ ਹਾਂ, ਮੇਰਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਡੇ ਨਾਲ ਵਿਹਾਰ ਠੀਕ ਨਹੀਂ ਰਿਹਾ ਹੈ।
Donald Trump
ਉਨ੍ਹਾਂ ਨੇ ਕਿਹਾ ਕਿ ਤੁਸੀਂ ਜੇਕਰ ਯੂਰੋਪੀ ਸੰਘ ਨੂੰ ਦੇਖੋ ਤਾਂ ਉਨ੍ਹਾਂ ਦੇ ਨਾਲ ਸਾਡਾ 150 ਅਰਬ ਡਾਲਰ ਦਾ ਘਾਟਾ ਹੋਇਆ ਹੈ। ਚੀਨ ਨੂੰ ਦੇਖੀਏ 375 ਅਰਬ ਡਾਲਰ ਦਾ ਵਪਾਰ ਘਾਟਾ ਹੋਇਆ ਹੈ। ਮੈਕਸੀਕੋ ਨੂੰ ਦੇਖੀਏ 100 ਅਰਬ ਡਾਲਰ ਦਾ ਘਾਟਾ ਹੋਇਆ ਹੈ। ਕੈਨੇਡਾ ਵੱਲ ਨੂੰ ਦੇਖੋ ਤਾਂ ਕੈਨੇਡਾ ਦਾ ਵੀ ਸਾਡੇ ਨਾਲ ਵਪਾਰ ਠੀਕ ਨਹੀਂ ਰਿਹਾ ਹੈ ਪਰ ਇਹ ਸੱਭ ਠੀਕ ਕਰ ਲਿਆ ਜਾਵੇਗਾ।