ਪਵਨ ਕੁਮਾਰ ਬਾਂਸਲ ਦੇ ਸਮਰਥਨ ਵਿਚ ਐਲਾਨ
Chandigarh News: ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਅਪਣਾ ਉਮੀਦਵਾਰ ਐਲਾਨ ਦਿਤਾ ਹੈ। ਉਮੀਦਵਾਰ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਵਿਚ ਬਗਾਵਤ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਸੂਬਾ ਸਕੱਤਰ ਨਿਤਿਨ ਰਾਏ ਚੌਹਾਨ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਵਨ ਬਾਂਸਲ ਦੇ ਸਮਰਥਨ 'ਚ ਅਸਤੀਫਾ ਦੇ ਰਹੇ ਹਨ। ਉਹ ਬਾਹਰਲੇ ਉਮੀਦਵਾਰਾਂ ਨੂੰ ਸਵੀਕਾਰ ਨਹੀਂ ਕਰਦੇ।
ਬਗਾਵਤ ਕਾਰਨ ਪਾਰਟੀ ਦੇ ਉਪ ਪ੍ਰਧਾਨ ਹਾਫਿਜ਼ ਅਨਵਰ ਉਲ ਹੱਕ ਨੂੰ ਪਾਰਟੀ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਪਾਰਟੀ ਛੱਡਣ ਦਾ ਐਲਾਨ ਵੀ ਕੀਤਾ ਹੈ। ਕਰੀਬ 15 ਦਿਨ ਪਹਿਲਾਂ ਪਾਰਟੀ ਇੰਚਾਰਜ ਰਾਜੀਵ ਸ਼ੁਕਲਾ ਚੰਡੀਗੜ੍ਹ ਕਾਂਗਰਸ ਦਫ਼ਤਰ ਵਿਚ ਵਰਕਰਾਂ ਨਾਲ ਗੱਲਬਾਤ ਕਰਨ ਆਏ ਸਨ। ਉਸ ਸਮੇਂ ਉਨ੍ਹਾਂ ਦੇ ਸਾਹਮਣੇ ਦੋ ਧੜਿਆਂ ਦੇ ਵਰਕਰਾਂ ਨੇ ਆਪਸ ਵਿਚ ਨਾਅਰੇਬਾਜ਼ੀ ਕੀਤੀ ਸੀ। ਇਸ ਵਿਚ ਅਨਵਰ ਦੀ ਚੰਡੀਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਐਚਐਸ ਲੱਕੀ ਨਾਲ ਬਹਿਸ ਹੋ ਗਈ। ਇਸ ਸਬੰਧੀ ਉਸ ਨੂੰ ਨੋਟਿਸ ਦਿਤਾ ਗਿਆ ਹੈ।
ਜੇਕਰ ਕਾਂਗਰਸ ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੇ ਕਈ ਹੋਰ ਨੇਤਾ ਅਸਤੀਫਾ ਦੇ ਸਕਦੇ ਹਨ। ਇਸ ਵਿਚ ਪਵਨ ਬਾਂਸਲ ਧੜੇ ਦੇ ਆਗੂ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਦੱਸੇ ਜਾ ਰਹੇ ਹਨ। ਉਹ ਲਗਾਤਾਰ ਚੰਡੀਗੜ੍ਹ ਤੋਂ ਉਮੀਦਵਾਰ ਬਦਲਣ ਦੀ ਮੰਗ ਕਰ ਰਹੇ ਹਨ। ਜਾਣਕਾਰੀ ਮੁਤਾਬਕ ਕਾਂਗਰਸ ਦੇ ਉਪ ਪ੍ਰਧਾਨ ਹਾਫਿਜ਼ ਅਨਵਰ ਉਲ ਹੱਕ ਦੇ ਕਰੀਬੀ ਮੰਨੇ ਜਾਂਦੇ ਸ਼ਸ਼ਾਂਕ ਭੱਟ ਨੇ ਵੀ ਕਾਂਗਰਸ ਪਾਰਟੀ ਛੱਡ ਦਿਤੀ ਹੈ। ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ ਉਹ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ।
(For more Punjabi news apart from Nitin Rai Chaudhan resigns from post of Secretary, Chandigarh Territorial Congress committee, stay tuned to Rozana Spokesman)