
ਇਸ ਮਾਮਲੇ 'ਚ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਨਾਮਜ਼ਦ
Punjab News : ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਫਰਜ਼ੀ ਆਈਪੀਐਸ ਅਧਿਕਾਰੀ ਬਣ ਕੇ ਲੋਕਾਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ। ਇਸ ਮਾਮਲੇ 'ਚ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਨਾਮਜ਼ਦ ਹਨ, ਜਿਨ੍ਹਾਂ 'ਤੇ ਆਰੋਪ ਹੈ ਕਿ ਉਨ੍ਹਾਂ ਨੇ ਆਰੋਪੀ ਵਿਨੈ ਅਗਰਵਾਲ ਨਾਮ ਦੇ ਵਿਅਕਤੀ ਨੂੰ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਸੀ। ਇਸ ਤੋਂ ਇਲਾਵਾ ਐਸਕਾਰਟ ਵਾਹਨ ਵੀ ਮੁਹੱਈਆ ਕਰਵਾਏ ਗਏ ਸਨ। ਵਿਨੈ ਅਗਰਵਾਲ ਖੁਦ ਨੂੰ ਆਈ.ਜੀ. ਦੱਸਦਾ ਸੀ।
ਹਿਮਾਚਲ 'ਚ ਸੀ ਮੌਜੂਦ
ਜਸਟਿਸ ਮੰਜਰੀ ਨਹਿਰੂ ਕੌਲ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਹਰਿਆਣਾ ਪੁਲੀਸ ਦੇ ਅਧਿਕਾਰੀ ਨਾ ਤਾਂ ਆਪਣੀ ਡਿਊਟੀ ’ਤੇ ਸਨ ਅਤੇ ਨਾ ਹੀ ਛੁੱਟੀ ’ਤੇ ਸਨ। ਇਸ ਦੇ ਬਾਵਜੂਦ ਵਿਨੈ ਅਗਰਵਾਲ ਨਾਲ ਹਿਮਾਚਲ 'ਚ ਮੌਜੂਦ ਸਨ। ਇਹ ਬਹੁਤ ਗੰਭੀਰ ਮਾਮਲਾ ਹੈ। ਪੰਚਕੂਲਾ ਦੇ ਸੈਕਟਰ-20 ਦੇ ਵਸਨੀਕ ਸਿੰਬਾਇਓਸਿਸ ਗਰੁੱਪ ਦੇ ਡਾਇਰੈਕਟਰ ਜਗਬੀਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਆਰੋਪ ਹੈ ਕਿ ਵਿਨੈ ਅਗਰਵਾਲ, ਹਿਮਾਚਲ ਪ੍ਰਦੇਸ਼ ਦੇ ਡਰੱਗ ਅਫਸਰ ਨਿਸ਼ਾਂਤ ਸਰੀਨ, ਕੋਮਲ ਖੰਨਾ ਅਤੇ ਹੋਰਾਂ ਨੇ 7 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।
ਸੀਨੀਅਰ ਅਧਿਕਾਰੀ ਦੀ ਨਿਗਰਾਨੀ 'ਚ ਹੋਵੇ ਜਾਂਚ
ਹਾਈ ਕੋਰਟ ਨੇ ਫਰਜ਼ੀ ਆਈਪੀਐਸ ਅਧਿਕਾਰੀ ਬਣ ਕੇ ਲੋਕਾਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ਵਿੱਚ ਸੀਬੀਆਈ ਡਾਇਰੈਕਟਰ ਨੂੰ ਕਿਹਾ ਗਿਆ ਹੈ ਕਿ ਜਾਂਚ ਲਈ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਜਾਵੇ। ਇਸ ਮਾਮਲੇ ਵਿੱਚ ਸੀਬੀਆਈ ਨਾ ਸਿਰਫ਼ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਸਗੋਂ ਜਾਂਚ ਦਾ ਘੇਰਾ ਹੋਰ ਵੀ ਵਧ ਸਕਦਾ ਹੈ।
ਕਿਉਂਕਿ ਗ੍ਰਿਫਤਾਰ ਮੁਲਜ਼ਮ ਪੁੱਛਗਿੱਛ ਦੌਰਾਨ ਆਪਣੇ ਹੋਰ ਸਾਥੀਆਂ ਦੇ ਨਾਂ ਵੀ ਉਜਾਗਰ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਫਰਜ਼ੀ ਆਈਪੀਐਸ ਅਫ਼ਸਰ ਬਣ ਕੇ ਲੋਕਾਂ ਨਾਲ ਠੱਗੀ ਦੌਰਾਨ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦਾ ਸਾਥ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਨੈ ਅਗਰਵਾਲ ਅਤੇ ਉਸ ਦੇ ਸਾਥੀਆਂ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਫੜਿਆ ਸੀ। ਉਸ ਦੇ ਖਿਲਾਫ ਓਥੇ ਵੀ ਕੇਸ ਵਿਚਾਰ ਅਧੀਨ ਹੈ।