
ਇਸ ਪੂਰੀ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ।
Haryana News: ਹਰਿਆਣਾ ਵਿਚ ਫਰੀਦਾਬਾਦ ਦੇ ਬੱਲਭਗੜ੍ਹ 'ਚ ਸ਼ਰਾਬੀ ਕਾਰ ਚਾਲਕ ਨੇ ਕਈ ਲੋਕਾਂ ਦੀ ਜਾਨ ਦਾਅ 'ਤੇ ਲਗਾ ਦਿਤੀ। ਡਰਾਈਵਰ ਨੇ ਇਕ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਵੀ ਕਾਫੀ ਦੂਰ ਤਕ ਘਸੀਟਿਆ। ਪੁਲਿਸ ਮੁਲਾਜ਼ਮ ਨੇ ਅਪਣੀ ਜਾਨ ਖਤਰੇ ਵਿਚ ਪਾ ਕੇ ਡਰਾਈਵਰ ਨੂੰ ਕਾਬੂ ਕਰ ਲਿਆ। ਇਸ ਦੌਰਾਨ ਕਾਰ 'ਚ ਸਵਾਰ ਦੂਜਾ ਵਿਅਕਤੀ ਅਪਣੀ ਜਾਨ ਬਚਾਉਣ ਲਈ ਛਾਲ ਮਾਰਦਾ ਦੇਖਿਆ ਗਿਆ। ਇਸ ਪੂਰੀ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਨੈਸ਼ਨਲ ਹਾਈਵੇਅ ਨੰਬਰ 19 'ਤੇ ਸਥਿਤ ਬੱਲਭਗੜ੍ਹ ਬੱਸ ਸਟੈਂਡ ਦੀ ਹੈ। ਸ਼ੁੱਕਰਵਾਰ ਨੂੰ ਡਰਾਈਵਰ ਬੱਸ ਸਟੈਂਡ ਨੇੜੇ ਸੜਕ ਦੇ ਵਿਚਕਾਰ ਅਪਣੀ ਕਾਰ ਪਾਰਕ ਕਰ ਰਿਹਾ ਸੀ ਅਤੇ ਸਵਾਰੀਆਂ ਚੜ੍ਹਾ ਰਿਹਾ ਸੀ। ਇਸ ਦੌਰਾਨ ਜਦੋਂ ਸੜਕ ਜਾਮ ਹੋ ਗਈ ਤਾਂ ਟਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਪ੍ਰੇਮ ਪ੍ਰਕਾਸ਼ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਡਰਾਈਵਰ ਤੋਂ ਕਾਰ ਦੇ ਦਸਤਾਵੇਜ਼ ਮੰਗੇ। ਇਸ ’ਤੇ ਕਾਰ ਚਾਲਕ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਵਿਚਾਲੇ ਬਹਿਸ ਹੋ ਗਈ।
ਘਟਨਾ ਦੀ ਜੋ ਵੀਡੀਉ ਸਾਹਮਣੇ ਆਈ ਹੈ, ਉਸ ਮੁਤਾਬਕ ਡਰਾਈਵਰ ਕਾਰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਟ੍ਰੈਫਿਕ ਪੁਲਿਸ ਵਾਲਾ ਕਾਰ ਦੀ ਖਿੜਕੀ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਕਾਰ ਸੜਕ 'ਤੇ ਡਿਵਾਈਡਰ ਨਾਲ ਵੀ ਜਾ ਟਕਰਾਈ। ਚੱਲਦੀ ਕਾਰ 'ਚ ਹੀ ਪੁਲਿਸ ਮੁਲਾਜ਼ਮ ਅਤੇ ਡਰਾਈਵਰ ਵਿਚਾਲੇ ਹੱਥੋਪਾਈ ਹੁੰਦੀ ਦੇਖੀ ਗਈ। ਇਸ ਦੌਰਾਨ ਕਾਰ 'ਚ ਸਵਾਰ ਲੋਕ ਵੀ ਇਕ-ਇਕ ਕਰਕੇ ਛਾਲਾਂ ਮਾਰਨ ਲੱਗੇ। ਡਰਾਈਵਰ ਪੁਲਿਸ ਮੁਲਾਜ਼ਮ ਨੂੰ ਘਸੀਟ ਕੇ ਲੈ ਗਿਆ। ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ।
ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਅਨੁਸਾਰ ਟਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਪ੍ਰੇਮ ਨੇ ਅਪਣੀ ਜਾਨ ਖਤਰੇ ਵਿਚ ਪਾ ਕੇ ਡਰਾਈਵਰ ਨੂੰ ਰੋਕਿਆ। ਡਰਾਈਵਰ ਸ਼ਰਾਬੀ ਸੀ। ਅਜਿਹੇ 'ਚ ਰਸਤੇ 'ਚ ਸਵਾਰੀਆਂ ਨਾਲ ਕੋਈ ਹਾਦਸਾ ਵਾਪਰ ਸਕਦਾ ਸੀ।