
ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ‘ਨਕਾਰਾਤਮਕ ਰਵੱਈਏ’ ਦੇ ਵਿਰੋਧ ’ਚ ਹੜਤਾਲ ਦਾ ਸੱਦਾ ਦਿਤਾ ਗਿਆ : ਮੋਰਚੇ ਦੇ ਆਗੂ
ਹਿਸਾਰ: ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਨੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ’ਚ ਸ਼ਾਮਲ ‘ਹਿੱਟ ਐਂਡ ਰਨ’ ਕੇਸਾਂ ਨਾਲ ਸਬੰਧਤ ਨਵੇਂ ਪ੍ਰਬੰਧਾਂ ਨੂੰ ਵਾਪਸ ਲੈਣ ਸਮੇਤ ਅਪਣੀਆਂ ਮੰਗਾਂ ਪ੍ਰਤੀ ਸੂਬਾ ਸਰਕਾਰ ਦੇ ਨਕਾਰਾਤਮਕ ਰਵੱਈਏ ਦੇ ਵਿਰੋਧ ’ਚ ਬੁਧਵਾਰ ਨੂੰ ਇਕ ਦਿਨ ਦੀ ਹੜਤਾਲ ਕੀਤੀ। ਹੜਤਾਲ ਕਾਰਨ ਹਰਿਆਣਾ ਦੇ ਕੁੱਝ ਹਿੱਸਿਆਂ ’ਚ ਬੱਸ ਸੇਵਾਵਾਂ ਪ੍ਰਭਾਵਤ ਹੋਈਆਂ।
ਇਹ ਹੜਤਾਲ ਹਰਿਆਣਾ ਰੋਡਵੇਜ਼ ਕਰਮਚਾਰੀ ਸੰਘਾਈ ਮੋਰਚਾ ਵਲੋਂ ਬੁਲਾਈ ਗਈ ਸੀ। ਹਿੱਟ ਐਂਡ ਰਨ ਕੇਸਾਂ ਨਾਲ ਸਬੰਧਤ ਨਵੀਆਂ ਵਿਵਸਥਾਵਾਂ ਨੂੰ ਵਾਪਸ ਲੈਣ ਤੋਂ ਇਲਾਵਾ ਮੋਰਚੇ ਦੀਆਂ ਮੰਗਾਂ ’ਚ ਵਰਕਸ਼ਾਪਾਂ ’ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ, ਗਰੁੱਪ ਡੀ ਸ਼੍ਰੇਣੀ ਅਧੀਨ ਭਰਤੀ ਕੀਤੇ ਕਰਮਚਾਰੀਆਂ ਦੀ ਤਰੱਕੀ, ਡਰਾਈਵਰਾਂ, ਆਪਰੇਟਰਾਂ ਅਤੇ ਕਲਰਕਾਂ ਦੀਆਂ ਤਨਖਾਹਾਂ ’ਚ ਵਾਧਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਸ਼ਾਮਲ ਹੈ।
ਬੀਐਨਐਸ ਦੇ ਨਵੇਂ ਪ੍ਰਾਵਧਾਨ ਅਨੁਸਾਰ, ‘‘ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਣ ਦੀ ਸੂਰਤ ’ਚ, ਜੋ ਘਟਨਾ ਦੇ ਤੁਰਤ ਬਾਅਦ ਕਿਸੇ ਪੁਲਿਸ ਅਧਿਕਾਰੀ ਜਾਂ ਮੈਜਿਸਟਰੇਟ ਨੂੰ ਸੂਚਿਤ ਕੀਤੇ ਬਿਨਾਂ ਭੱਜ ਜਾਂਦਾ ਹੈ, ਉਸ ਨੂੰ 10 ਸਾਲ ਤਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਵੀ ਦਿਤੀ ਜਾਵੇਗੀ।’’
ਹਿਸਾਰ ’ਚ ਮੋਰਚੇ ਦੇ ਆਗੂ ਸੁਭਾਸ਼ ਢਿੱਲੋਂ, ਰਮੇਸ਼ ਰਾਜਬੀਰ ਦੁਹਾਨ ਅਤੇ ਅਜੇ ਦੁਹਾਨ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ‘ਨਕਾਰਾਤਮਕ ਰਵੱਈਏ’ ਦੇ ਵਿਰੋਧ ’ਚ ਹੜਤਾਲ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਨਾ ਦਿਤਾ ਤਾਂ ਉਹ ਅਪਣਾ ਵਿਰੋਧ ਹੋਰ ਤੇਜ਼ ਕਰਨਗੇ।
ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਨੇ ਕਈ ਥਾਵਾਂ ’ਤੇ ਬੱਸ ਅੱਡਿਆਂ ਦੇ ਮੁੱਖ ਗੇਟਾਂ ਦੇ ਬਾਹਰ ਧਰਨੇ ਦਿਤੇ ਅਤੇ ਅਪਣੀਆਂ ਮੰਗਾਂ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ। ਹੜਤਾਲ ਕਾਰਨ ਹਰਿਆਣਾ ਦੇ ਕੁੱਝ ਹਿੱਸਿਆਂ ’ਚ ਬੱਸ ਸੇਵਾਵਾਂ ਪ੍ਰਭਾਵਤ ਹੋਈਆਂ। ਹਿਸਾਰ, ਯਮੁਨਾਨਗਰ ਅਤੇ ਰੋਹਤਕ ਸਮੇਤ ਕੁੱਝ ਥਾਵਾਂ ’ਤੇ ਮੁਸਾਫ਼ਰ ਫਸੇ ਹੋਏ ਹਨ।