
ਪੁਲਿਸ ਨੇ ਸਾਬਕਾ ਸਰਪੰਚ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।
Haryana News: ਹਰਿਆਣਾ ਦੇ ਕੈਥਲ 'ਚ ਸਾਬਕਾ ਸਰਪੰਚ ਦੀ ਕਾਰ 'ਚ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਘਟਨਾ ਕਲਾਇਤ ਬੱਸ ਸਟੈਂਡ ਦੇ ਸਾਹਮਣੇ ਸ਼ਮਸ਼ਾਨਘਾਟ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ ਸਾਬਕਾ ਸਰਪੰਚ ਰਮੇਸ਼ ਕੁਮਾਰ (60) ਵਾਸੀ ਪਿੰਡ ਬਾਲੂ ਗਾਦੜਾ ਪੱਤੀ ਵਜੋਂ ਹੋਈ ਹੈ। ਪੁਲਿਸ ਨੇ ਸਾਬਕਾ ਸਰਪੰਚ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।
ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਵੀਰਵਾਰ ਨੂੰ ਨਿੱਜੀ ਕੰਮ ਲਈ ਕਲਾਇਤ ਆਇਆ ਸੀ। ਸ਼ਾਮ 4 ਵਜੇ ਦੇ ਕਰੀਬ ਉਹ ਅਪਣੀ ਆਲਟੋ ਕੇ-10 ਕਾਰ ਵਿਚ ਕਲਾਇਤ ਬੱਸ ਸਟੈਂਡ ਦੇ ਸਾਹਮਣੇ ਇਕ ਦਰੱਖਤ ਹੇਠਾਂ ਬੈਠਾ ਸੀ। ਰਮੇਸ਼ ਨੇ ਕਾਰ ਵਿਚ ਸੀਐਨਜੀ ਕਿੱਟ ਲਗਾਈ ਹੋਈ ਸੀ। ਲੋਕਾਂ ਮੁਤਾਬਕ ਅਚਾਨਕ ਕਾਰ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਕਾਰ ਦਰੱਖਤ ਨਾਲ ਫਸ ਗਈ ਹੋਣ ਕਾਰਨ ਰਮੇਸ਼ ਕੁਮਾਰ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਕੁੱਝ ਦੇਰ ਵਿਚ ਹੀ ਕਾਰ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ।
ਕਾਰ ਨੂੰ ਅੱਗ ਲੱਗਣ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਸੂਚਨਾ ਤੋਂ ਬਾਅਦ ਕਲਾਇਤ ਥਾਣੇ ਦੇ ਐਸਐਚਓ ਇੰਸਪੈਕਟਰ ਰਾਮਨਿਵਾਸ ਮੌਕੇ ’ਤੇ ਪੁੱਜੇ। ਅੰਦਰ ਜ਼ਿੰਦਾ ਸੜਨ ਕਾਰਨ ਵਿਅਕਤੀ ਦੀ ਮੌਤ ਹੋ ਗਈ ਸੀ। ਫਾਇਰ ਬ੍ਰਿਗੇਡ ਨੂੰ ਬੁਲਾ ਕੇ ਕਾਰ ਵਿਚ ਲੱਗੀ ਅੱਗ ਨੂੰ ਬੁਝਾਇਆ ਗਿਆ। ਕਾਰ ਦੇ ਅਗਲੇ ਹਿੱਸੇ 'ਤੇ ਸਰਪੰਚ ਦੇ ਨਾਮ ਵਾਲੀ ਪਲੇਟ ਲੱਗੀ ਹੋਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਰਮੇਸ਼ ਕੁਮਾਰ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦਸਿਆ ਕਿ ਰਮੇਸ਼ ਬਾਲੂ ਨੂੰ ਜਨਵਰੀ 2016 ਸਰਪੰਚ ਬਣਾਇਆ ਗਿਆ ਸੀ। ਉਹ 2 ਪੁੱਤਰਾਂ ਅਤੇ ਇਕ ਧੀ ਦਾ ਪਿਤਾ ਸੀ। ਤਿੰਨੋਂ ਬੱਚੇ ਵਿਆਹੇ ਹੋਏ ਹਨ।