
ਕਾਠਮੰਡੂ, 28 ਅਕਤੂਬਰ: ਧਾਡਿੰਗ ਜ਼ਿਲ੍ਹੇ ਵਿਚ ਸਵਾਰੀਆਂ ਨਾਲ ਭਰੀ ਹੋਈ ਬੱਸ ਦੇ ਨਦੀ ਵਿਚ ਡਿੱਗ ਜਾਣ ਕਾਰਨ 31 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 16 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਭਾਰਤੀ ਔਰਤ ਵੀ ਸ਼ਾਮਲ ਹੈ। ਪੁਲਿਸ ਨੇ ਦਸਿਆ ਕਿ 52 ਸਵਾਰੀਆਂ ਨਾਲ ਭਰੀ ਹੋਈ ਬੱਸ ਰਾਜਬਿਰਾਜ ਤੋਂ ਕਠਮਾਂਡੂ ਜਾ ਰਹੀ ਸੀ ਅਤੇ ਸਵੇਰੇ ਲਗਭਗ ਪੰਜ ਵਜੇ ਘਾਟਾਬੇਸੀ ਵਿਖੇ ਮੋੜ ਕਟਦੇ ਸਮੇਂ ਇਹ ਬੱਸ ਤ੍ਰਿਸ਼ੁਲੀ ਨਦੀ ਵਿਚ ਡਿੱਗ ਪਈ। ਮੌਕੇ 'ਤੇ ਪੁੱਜੀ ਨੇਪਾਲ ਦੀ ਫ਼ੌਜ ਅਤੇ ਪੁਲਿਸ ਫ਼ੋਰਸ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ 16 ਵਿਅਕਤੀਆਂ ਨੂੰ ਨਦੀ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਰਾਹਤ ਟੀਮ ਹੁਣ ਤਕ 28 ਲਾਸ਼ਾਂ ਕੱਢ ਚੁਕੀ ਹੈ ਅਤੇ ਬਾਕੀ ਸਵਾਰੀਆਂ ਦੀ ਭਾਲ ਜਾਰੀ ਹੈ।
ਧਾਡਿੰਗ ਦੇ ਐਸਪੀ ਧੁਰਬਾ ਰਾਜ ਰਾਊਤ ਨੇ ਕਿਹਾ ਕਿ ਜ਼ਖ਼ਮੀਆਂ ਦਾ ਕਾਠਮੰਡੂ ਦੇ ਹਸਪਤਾਲ ਵਿਖੇ ਇਲਾਜ ਚਲ ਰਿਹਾ ਹੈ। ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਅਤੇ ਮੋੜ 'ਤੇ ਡਰਾਈਵਰ ਦਾ ਬੱਸ ਤੋਂ ਕੰਟਰੋਲ ਹਟ ਗਿਆ ਜਿਸ ਕਾਰਨ ਬੱਸ ਨਦੀ ਵਿਚ ਜਾ ਡਿੱਗੀ। ਹਾਦਸਾ ਸਵੇਰੇ ਪੰਜ ਵਜੇ ਵਾਪਰਿਆ। ਨੇਪਾਲ ਫ਼ੌਜ ਦੇ ਜਵਾਨਾਂ ਸਮੇਤ ਸੁਰੱਖਿਆ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਜਵਾਨਾਂ ਨੇ ਜ਼ਖ਼ਮੀਆਂ ਨੂੰ ਨਦੀ ਵਿਚੋਂ ਕਢਿਆ ਅਤੇ ਹਸਪਤਾਲਾਂ ਵਿਚ ਪਹੁੰਚਾਇਆ। (ਪੀਟੀਆਈ)