
ਹਰਾਰੇ, 15 ਨਵੰਬਰ : ਜ਼ਿੰਬਾਬਵੇ ਦੀ ਫ਼ੌਜ ਨੇ ਅੱਜ ਦੇਸ਼ 'ਤੇ ਕੰਟਰੋਲ ਕਾਇਮ ਕਰ ਲਿਆ ਹਾਲਾਂਕਿ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਤਖ਼ਤਾਪਲਟ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ, ਰਾਸ਼ਟਰਪਤੀ ਰਾਬਰਟ ਮੁਗਾਬੇ ਨੇ ਕਿਹਾ ਕਿ ਉਹ ਨਜ਼ਰਬੰਦ ਹੈ। ਜ਼ਿੰਬਾਬਵੇ 'ਚ ਸਰਕਾਰੀ ਚੈਨਲ 'ਤੇ ਫ਼ੌਜੀ ਕਬਜ਼ੇ ਤੋਂ ਬਾਅਦ ਦੇਸ਼ 'ਚ ਤਖ਼ਤਾਪਲਟ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਰਾਜਧਾਨੀ ਹਰਾਰੇ 'ਚ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿਤੀ। ਸ਼ਹਿਰ 'ਚ ਹਰ ਪਾਸੇ ਫ਼ੌਜ ਅਤੇ ਫ਼ੌਜੀ ਟੈਂਕ ਨਜ਼ਰ ਆ ਰਹੇ ਹਨ। ਪ੍ਰਤੱਖਦਰਸ਼ੀਆਂ ਮੁਤਾਬਕ ਰਾਸ਼ਟਰਪਤੀ ਰਾਬਰਟ ਮੁਗਾਬੇ ਦੀ ਰਿਹਾਇਸ਼ ਨੇੜੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿਤੀ ਹਾਲਾਂਕਿ ਫ਼ੌਜ ਨੇ ਤਖ਼ਤਾਪਲਟ ਦੀਆਂ ਖ਼ਬਰਾਂ ਤੋਂ ਇਨਕਾਰ ਕਰ ਦਿਤਾ ਹੈ।
ਫ਼ੌਜ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਰਾਬਰਟ ਮੁਗਾਬੇ ਬਿਲਕੁਲ ਸੁਰੱਖਿਅਤ ਹਨ ਅਤੇ ਇਹ ਕਾਰਵਾਈ ਅਪਰਾਧੀ ਅਨਸਰਾਂ ਨੂੰ ਕਾਬੂ ਕਰਨ ਲਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਗਾਬੇ ਦੀ ਪਾਰਟੀ ਨੇ ਫ਼ੌਜ ਮੁਖੀ ਜਨਰਲ ਕਾਂਸਟੈਨਟਿਨੋ ਚਿਵੇਂਗਾ 'ਤੇ ਬੀਤੇ ਹਫ਼ਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਤਣਾਅ ਵੱਧ ਗਿਆ ਹੈ।
ਨੈਸ਼ਨਲ ਬ੍ਰਾਡਕਾਸਟਰ ਜ਼ੈਡ.ਬੀ.ਸੀ. ਦੇ ਮੇਅਰ ਜਨਰਲ ਸਿਬੁਸਿਉ ਮੋਉ ਨੇ ਕਿਹਾ, ''ਅਸੀਂ ਦੇਸ਼ ਵਾਸੀਆਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਵਾਰ ਸੁਰੱਖਿਅਤ ਹੈ। ਅਸੀਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਸਿਰਫ਼ ਉਨ੍ਹਾਂ ਦੇ ਆਸਪਾਸ ਮੌਜੂਦ ਸ਼ਰਾਰਤੀ ਤੱਤਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ। ਇਹ ਲੋਕ ਦੇਸ਼ ਦੇ ਵਿਗੜਦੇ ਸਮਾਜਕ ਅਤੇ ਆਰਥਕ ਹਾਲਾਤ ਲਈ ਜ਼ਿੰਮੇਵਾਰ ਹਨ। ਜਿੰਨੀ ਛੇਤੀ ਮਿਸ਼ਨ ਪੂਰਾ ਹੋ ਜਾਵੇਗਾ, ਸਾਨੂੰ ਉਮੀਦ ਹੈ ਕਿ ਓਨੀ ਛੇਤੀ ਹਾਲਾਤ ਠੀਕ ਹੋ ਜਾਣਗੇ।''ਫ਼ੌਜ ਨੇ ਦੇਸ਼ ਦੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿਤੀ ਹੈ। ਫ਼ੌਜ ਨੇ ਸੁਰੱਖਿਆ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਫ਼ੌਜ ਨੂੰ ਸਹਿਯੋਗ ਦੇਣ। ਕਿਸੇ ਵੀ ਤਰ੍ਹਾਂ ਦੇ ਗਲਤ ਕਦਮ ਦਾ ਤੁਰੰਤ ਜਵਾਬ ਦਿਤਾ ਜਾਵੇਗਾ। ਇਸ ਦੇ ਨਾਲ ਹੀ ਫ਼ੌਜੀਆਂ ਦੀ ਛੁੱਟੀ ਰੱਦ ਕਰ ਦਿਤੀ ਗਈ ਹੈ। ਜ਼ਿੰਬਾਬਵੇ ਨੂੰ 1980 'ਚ ਬ੍ਰਿਟੇਨ ਤੋਂ ਮਿਲੀ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਰਾਬਰਟ ਮੁਗਾਬੇ ਸੱਤਾ 'ਚ ਹਨ। ਬੀਤੇ ਕੁੱਝ ਦਿਨਾਂ 'ਚ 93 ਸਾਲਾ ਮੁਗਾਬੇ ਅਤੇ ਫ਼ੌਜ ਵਿਚਕਾਰ ਤਣਾਅ ਵੱਧ ਗਿਆ। (ਪੀਟੀਆਈ)