
ਰਖਾਇਨ, 12 ਮਾਰਚ : ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਪਿੰਡਾਂ ਅਤੇ ਜ਼ਮੀਨਾਂ ਤੋਂ ਹਟਾ ਕੇ ਮਿਆਂਮਾਰ ਫ਼ੌਜੀ ਅੱਡੇ ਬਣਾ ਰਿਹਾ ਹੈ। ਪਿਛਲੇ ਸਾਲ ਅਗੱਸਤ ਤੋਂ ਪਹਿਲਾਂ ਤਕ ਰੋਹਿੰਗਿਆ ਮੁਸਲਮਾਨ ਇਨ੍ਹਾਂ ਪਿੰਡਾਂ 'ਚ ਰਹਿੰਦੇ ਸਨ, ਪਰ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਮਿਆਂਮਾਰ ਦੀ ਫ਼ੌਜ ਨੇ ਉਨ੍ਹਾਂ ਨੂੰ ਘਰੋਂ ਬੇਦਖ਼ਲ ਕਰ ਦਿਤਾ। ਰੋਹਿੰਗਿਆ ਮੁਸਲਮਾਨਾਂ 'ਤੇ ਅਤਿਵਾਦੀ ਹੋਣ ਅਤੇ ਅਤਿਵਾਦ ਫ਼ੈਲਾਉਣ ਦੇ ਦੋਸ਼ ਲਗਾਏ ਗਏ। ਮਿਆਂਮਾਰ ਤੋਂ ਭਜਾਏ ਗਏ ਲੱਖਾਂ ਰੋਹਿੰਗਿਆ ਮੁਸਲਮਾਨਾਂ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ 'ਚ ਪਨਾਹ ਲੈਣੀ ਪਈ।ਐਮਨੈਸਟੀ ਇੰਟਰਨੈਸ਼ਨਲ ਨੇ ਸੋਮਵਾਰ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ 'ਚ ਪਤਾ ਲੱਗਾ ਹੈ ਕਿ ਝੁਲਸੇ ਹੋਏ ਪਿੰਡ 'ਚ ਹੁਣ ਨਵੇਂ ਫ਼ੌਜੀ ਅੱਡੇ ਬਣ ਰਹੇ ਹਨ। ਜ਼ਿਕਰਯੋਗ ਹੈ ਕਿ ਰੋਹਿੰਗਿਆ ਦੇ ਵਿਰੁਧ ਮਿਆਂਮਾਰ ਫ਼ੌਜ ਦੀ ਮੁਹਿੰਮ ਨੂੰ ਸੰਯੁਕਤ ਰਾਸ਼ਟਰ ਨੇ ਨਸਲੀ ਸਫ਼ਾਇਆ ਕਰਾਰ ਦਿਤਾ ਸੀ।
ਐਮਨੈਸਟੀ ਦੀ ਕ੍ਰਾਇਸਸ ਰੈਸਪਾਂਸ ਡਾਇਰੈਕਟਰ ਤਿਰਾਨਾ ਹਸਨ ਨੇ ਕਿਹਾ, ''ਰਖਾਇਨ ਸੂਬੇ ਦਾ ਮੁੜ ਨਿਰਮਾਣ ਬੇਹੱਦ ਗੁਪਤ ਤਰੀਕੇ ਨਾਲ ਹੋ ਰਿਹਾ ਹੈ। ਪ੍ਰਸ਼ਾਸਨ ਨੂੰ ਵਿਕਾਸ ਦੇ ਨਾਂ 'ਤੇ ਨਸਲੀ ਸਫ਼ਾਏ ਦੀ ਉਸ ਮੁਹਿੰਮ ਨੂੰ ਅੱਗੇ ਨਹੀਂ ਵਧਾਉਣ ਦੇਣਾ ਚਾਹੀਦਾ। ਫ਼ੌਜ ਦੀ ਮੌਜੂਦਗੀ ਤੋਂ ਪਤਾ ਚਲਦਾ ਹੈ ਕਿ ਬੰਗਲਾਦੇਸ਼ ਤੋਂ ਰੋਹਿੰਗਿਆ ਲੋਕਾਂ ਦੇ ਵਾਪਸ ਆਉਣ ਦੀ ਕੋਸ਼ਿਸ਼ ਨੂੰ ਮਿਆਂਮਾਰ ਮਨਜੂਰੀ ਨਹੀਂ ਦੇਵੇਗਾ।''ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ 'ਚ ਬੰਗਲਾਦੇਸ਼ ਅਤੇ ਮਿਆਂਮਾਰ ਵਿਚਕਾਰ ਰੋਹਿੰਗਿਆ ਲੋਕਾਂ ਦੀ ਦੇਸ਼ ਵਾਪਸੀ ਨੂੰ ਲੈ ਕੇ ਇਕ ਸਮਝੌਤਾ ਹੋਇਆ ਸੀ। ਇਸ ਤਹਿਤ ਲੱਖਾਂ ਰੋਹਿੰਗਿਆ ਲੋਕਾਂ ਦੀ ਦੇਸ਼ ਵਾਪਸ ਲਈ ਨਵੇਂ ਰਸਤੇ ਲੱਭਣ ਦੀ ਦਿਸ਼ਾਂ 'ਚ ਕਦਮ ਚੁੱਕੇ ਜਾਣ ਦੇ ਸੰਕੇਤ ਮਿਲੇ ਸਨ। (ਪੀਟੀਆਈ)