
ਟੋਰਾਂਟੋ: ਟੋਰਾਂਟੋ 'ਚ ਬੇਘਰ ਹੋਣ ਦੀ ਸਮੱਸਿਆ ਸਮੇਂ ਤੋਂ ਪਹਿਲਾਂ ਮੌਤ ਦਾ ਵੱਡਾ ਕਾਰਨ ਬਣਦੀ ਜਾ ਰਹੀ ਹੈ, ਜਿਸ ਦੀ ਸਪੱਸ਼ਟ ਮਿਸਾਲ 2017 ਦੇ ਪਹਿਲੇ 9 ਮਹੀਨੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਤੋਂ ਮਿਲਦੀ ਹੈ। ਟੋਰਾਂਟੋ ਦੇ ਸਿਹਤ ਬੋਰਡ ਦੀ ਮੀਟਿੰਗ ਦੌਰਾਨ ਮੈਡੀਕਲ ਅਫ਼ਸਰ ਡਾ. ਇਲੀਨ ਡੀ ਵਿਲਾ ਨੇ ਦੱਸਿਆ ਕਿ ਮਰਨ ਵਾਲਿਆਂ 'ਚੋਂ 57 ਪੁਰਸ਼ ਅਤੇ 13 ਔਰਤਾਂ ਸਨ। ਮਰਨ ਵਾਲਿਆਂ ਦੀ ਔਸਤ ਉਮਰ 48 ਸਾਲ ਬਣਦੀ ਹੈ।
ਉਨ੍ਹਾਂ ਕਿਹਾ ਕਿ ਬੇਘਰ ਲੋਕਾਂ ਦੀ ਮੌਤ ਦੇ ਅੰਕੜੇ 200 ਤੋਂ ਵੱਧ ਸਿਹਤ ਅਤੇ ਸਮਾਜ ਸੇਵਾ ਏਜੰਸੀਆਂ ਤੋਂ ਇਕੱਤਰ ਕੀਤੇ ਗਏ ਹਨ। ਮ੍ਰਿਤਕਾਂ ਚੋਂ 46 ਜਣਿਆਂ ਦੀ ਮੌਤ ਛੱਤ ਹੇਠ ਹੋਈ ਅਤੇ 20 ਜਣਿਆਂ ਦੀ ਮੌਤ ਅਣਦੱਸੀਆਂ ਥਾਵਾਂ 'ਤੇ ਹੋਈ। ਇਸੇ ਤਰ੍ਹਾਂ ਪਹਿਲੀ ਤਿਮਾਹੀ 'ਚ 27, ਦੂਜੀ ਤਿਮਾਹੀ 'ਚ 21 ਅਤੇ ਤੀਜੀ ਤਿਮਾਹੀ 'ਚ 22 ਮੌਤਾਂ ਹੋਈਆਂ। ਡੀ ਵਿਲਾ ਨੇ ਕਿਹਾ ਕਿ ਮੌਤਾਂ ਦੀ ਔਸਤ ਪ੍ਰਤੀ ਹਫ਼ਤਾ 1.8 ਦਰਜ ਕੀਤੀ ਗਈ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਮੌਤਾਂ ਦੇ ਕਾਰਨ ਵੱਖ ਵੱਖ ਰਹੇ ਪਰ ਕਈ ਮੌਤਾਂ ਓਵਰਡੋਜ਼ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ। ਸਭ ਤੋਂ ਜ਼ਿਆਦਾ ਮੌਤਾਂ ਵਾਲੇ ਮਹੀਨੇ ਫਰਵਰੀ ਅਤੇ ਜੁਲਾਈ ਰਹੇ ਅਤੇ ਦਿਲ ਦੇ ਦੌਰੇ ਵਰਗੇ ਪ੍ਰਮੁੱਖ ਕਾਰਨਾਂ ਕਰ ਕੇ ਜਾਨਾਂ ਗਈਆਂ।
70 'ਚੋਂ 32 ਜਣਿਆਂ ਦੀ ਮੌਤ ਬਾਰੇ ਰੀਜਨਲ ਕੋਰੋਨਰ ਵੱਲੋਂ ਜਾਂਚ ਕੀਤੀ ਗਈ। ਡੀ ਵਿਲਾ ਮੁਤਾਬਕ ਇਕੱਤਰ ਕੀਤੇ ਵੇਰਵਿਆਂ ਨਾਲ ਬੇਘਰ ਹੋਣ ਦੀ ਸਮੱਸਿਆ ਦੀ ਜੜ ਤੱਕ ਪਹੁੰਚਿਆ ਜਾ ਸਕੇਗਾ ਅਤੇ ਸਮੱਸਿਆ ਨੂੰ ਖਤਮ ਕਰਨ 'ਚ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਬੇਘਰ ਲੋਕਾਂ ਦੀ ਮੌਤ ਬਾਰੇ ਸਿਹਤ ਅਤੇ ਸਮਾਜ ਸੇਵਾ ਏਜੰਸੀਆਂ ਵੱਲੋਂ ਇੱਕ ਆਨਲਾਈਨ ਫ਼ਾਰਮ ਰਾਹੀਂ ਟੋਰਾਂਟੋ ਜਨ ਸਿਹਤ ਵਿਭਾਗ ਨੂੰ ਸੁਚਿਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਸ਼ਾਸਨ ਨੂੰ ਸਬੰਧਤ ਵੇਰਵੇ ਇਕੱਤਰ ਕਰਨੇ ਚਾਹੀਦੇ ਹਨ ਪਰ ਮ੍ਰਿਤਕਾਂ ਬਾਰੇ ਜਾਣਕਾਰੀ ਗੁਪਤ ਰੱਖਣੀ ਚਾਹੀਦੀ ਹੈ। 2016 'ਚ ਟੋਰਾਂਟੋ ਵਿਖੇ 30 ਬੇਘਰ ਲੋਕਾਂ ਦੀ ਮੌਤ ਹੋਈ ਅਤੇ 2015 'ਚ ਇਹ ਗਿਣਤੀ 45 ਦਰਜ ਕੀਤੀ ਗਈ ਸੀ।