
ਸੋਲ, 6 ਸਤੰਬਰ: ਉਤਰ ਕੋਰੀਆ ਦੇ ਹਾਲੀਆ ਪ੍ਰਮਾਣੂ ਪ੍ਰੀਖਣ ਦੀ ਨਿੰਦਾ ਕਰਨ ਦੇ ਬਾਵਜੂਦ ਰੂਸ ਅਤੇ ਦੱਖਣ ਕੋਰੀਆ, ਉਤਰ ਕੋਰੀਆ ਵਿਰੁਧ ਰੋਕਾਂ ਨੂੰ ਹੋਰ ਸਖ਼ਤ ਕਰਨ ਦੇ ਮੁੱਦੇ 'ਤੇ ਅਲੱਗ-ਅਲੱਗ ਖੇਮਿਆਂ 'ਚ ਵੰਡੇ ਹੋਏ ਪ੍ਰਤੀਤ ਹੋਏ। ਰੂਸ ਦੇ ਵਲਾਦੀਵੋਸਤੋਕ ਸ਼ਹਿਰ 'ਚ ਅੱਜ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਝਿਨ ਨਾਲ ਮੀਟਿੰਗ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਤਰ ਕੋਰੀਆ ਨਾਲ ਗੱਲਬਾਤ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ ਦਾ ਹੱਲ ਰੋਕ ਨਹੀਂ ਹੈ।
ਮੂਨ ਉਤਰ ਕੋਰੀਆ ਵਿਰੁਧ ਹੋਰ ਸਖ਼ਤ ਰੋਕਾਂ ਦਾ ਰੂਸ ਤੋਂ ਸਮਰਥਨ ਕਰਨ ਦੀ ਮੱਗ ਕਰ ਰਹੇ ਸਨ। ਪੁਤਿਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਉਤਰ ਕੋਰੀਆ ਨੂੰ ਵੱਖ ਨਹੀਂ ਕਰਨਾ ਚਾਹੀਦਾ। ਤਣਾਅ ਵਧਾਉਣ ਵਾਲੇ ਕਦਮਾਂ ਤੋਂ ਹਰ ਕਿਸੇ ਨੂੰ ਬਚਣਾ ਚਾਹੀਦਾ ਹੈ ਅਤੇ ਸਬਰ ਦਿਖਾਉਣ ਚਾਹੀਦਾ ਹੈ। ਪੁਤਿਨ ਨਾਲ ਗੱਲਬਾਤ ਦੇ ਮੱਦੇਨਜ਼ਰ ਮੂਨ ਨੇ ਕਿਹਾ ਕਿ ਜੇਕਰ ਉਤਰ ਕੋਰੀਆ ਦੇ ਮਿਜ਼ਾਇਲ ਅਤੇ ਪ੍ਰਮਾਣੂ ਪ੍ਰੋਗਰਾਮ ਨੂੰ ਨਹੀਂ ਰੋਕਿਆ ਗਿਆ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ।
ਮੂਨ ਨੇ ਕਿਹਾ ਕਿ ਮੇਰਾ ਅਤੇ ਰਾਸ਼ਟਰਪਤੀ ਪੁਤਿਨ ਦਾ ਮੰਨਣਾ ਹੈ ਕਿ ਉਤਰ ਕੋਰੀਆ ਅਪਣੇ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ ਦੀ ਦਿਸ਼ਾ 'ਚ ਗ਼ਲਤ ਤਰੀਕਿਆਂ ਨਾਲ ਅੱਗੇ ਵਧ ਰਿਹਾ ਹੈ ਅਤੇ ਕੋਰੀਆਈ ਦੀਪ 'ਚ ਤਣਾਅ ਘੱਟ ਕਰਨ ਮੌਜੂਦਾ ਮੁੱਦਾ ਹੈ। ਜ਼ਿਕਰਯੋਗ ਹੈ ਕਿ ਮੂਨ ਨੇ ਮਈ 'ਚ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਨੇ ਸ਼ੁਰੂਆਤ 'ਚ ਉਤਰ ਕੋਰੀਆ ਨੂੰ ਲੈ ਕੇ ਕੂਟਨੀਤਿਕ ਰਵੱਈਆ ਰੱਖਣ ਨੂੰ ਪਹਿਲ ਦਿਤੀ ਸੀ ਪਰ ਉਤਰ ਕੋਰੀਆ ਦੇ ਹਥਿਆਰਾਂ ਦੇ ਪ੍ਰੀਖਣ ਜਾਰੀ ਰਹਿਣ ਕਾਰਨ ਉਨ੍ਹਾਂ ਦੀ ਸਰਕਾਰ ਨੇ ਦੁਸ਼ਮਣ ਦੇਸ਼ ਪ੍ਰਤੀ ਸਖ਼ਤ ਰੁਖ਼ ਰਖਿਆ ਹੋਇਆ ਹੈ।