
ਪੰਜਾਬ, ਹਰਿਆਣਾ ਅਤੇ ਯੂਪੀ ਤੋਂ ਬਾਅਦ ਮਹਾਂਪੰਚਾਇਤਾਂ ਦਾ ਦੌਰ ਪੂਰੇ ਦੇਸ਼ ਅੰਦਰ ਫੈਲਣ ਦੇ ਅਸਾਰ
ਨਵੀਂ ਦਿੱਲੀ: ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸ਼ੁਰੂ ਹੋਇਆ ਤਿੰਨ ਮਹੀਨੇ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਦੇ ਦੌਰ ਵਿਚ ਖੜੋਤ ਅਤੇ 26/1 ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਸਖਤੀ ਦੇ ਮੱਦੇਨਜ਼ਰ ਕਿਸਾਨਾਂ ਨੇ ਰਣਨੀਤੀ ਬਦਲਿਆਂ ਦਿੱਲੀ ਨਾਲ ਸਿੱਧੀ ਟੱਕਰ ਲੈਣ ਦੇ ਥਾਂ ਲੋਕ-ਲਾਮਬੰਦੀ ਦਾ ਰਸਤਾ ਅਖਤਿਆਰ ਕਰ ਲਿਆ ਹੈ। ਇਸ ਮਕਸਦ ਲਈ ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ, ਜੋ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਮਹਾਂਪੰਚਾਇਤਾਂ ਵਿਚ ਹੋ ਰਹੀਆਂ ਵੱਡੀਆਂ ਭੀੜਾਂ ਨੇ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਕਿਸਾਨ ਆਗੂ ਹੁਣ ਮਹਾਂਪੰਚਾਇਤਾਂ ਦੇ ਫੈਲਾਅ ਨੂੰ ਦੇਸ਼ ਪੱਧਰ ਤਕ ਲਿਜਾਣ ਲਈ ਸਰਗਰਮ ਹੋ ਗਏ ਹਨ।
farmer protest
ਦੇਸ਼ ਦੇ ਪੰਜ ਸੂਬਿਆਂ ਵਿਚ ਚੋਣਾਂ ਦਾ ਐਲਾਨ ਹੋਣ ਬਾਅਦ ਸੱਤਾਧਾਰੀ ਧਿਰ ਦਾ ਸਾਰਾ ਜ਼ੋਰ ਚੋਣ ਪ੍ਰਚਾਰ 'ਤੇ ਕੇਂਦਰਿਤ ਹੈ, ਜਦਕਿ ਕਿਸਾਨ ਜਥੇਬੰਦੀਆਂ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਕੇ ਸਰਕਾਰ ਦੇ ਚੋਣ ਪ੍ਰਚਾਰ ਨੂੰ ਖੁੰਡਾ ਕਰਨ ਦੇ ਰੌਅ ਵਿਚ ਹਨ। ਦੇਸ਼ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਵੱਡੇ ਸੂਬਿਆਂ ਦੀ ਲੋਕ ਸਭਾ ਚੋਣਾਂ ਦੌਰਾਨ ਨਿਰਣਾਇਕ ਹਿੱਸੇਦਾਰੀ ਹੁੰਦੀ ਹੈ। ਉਤਰ ਪ੍ਰਦੇਸ਼ ਵਾਂਗ ਹੀ ਜੇਕਰ ਮਹਾਂਪੰਚਾਇਤਾਂ ਦੀ ਲੜੀ ਬਿਹਾਰ ਵਿਚ ਵੀ ਕਾਮਯਾਬ ਹੁੰਦੀ ਹੈ ਤਾਂ ਇਸ ਦਾ ਅਸਰ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ 'ਤੇ ਪੈ ਸਕਦਾ ਹੈ, ਉੱਥੇ ਹੀ ਇਨ੍ਹਾਂ ਸੂਬਿਆਂ ਦੇ ਲੋਕ ਦੇਸ਼ ਦੇ ਕੋਨੇ-ਕੋਨੇ ਤਕ ਫੈਲੇ ਹੋਏ ਹਨ ਅਤੇ ਉਨ੍ਹਾਂ ਜ਼ਰੀਏ ਕੇਂਦਰ ਸਰਕਾਰ ਖਿਲਾਫ ਲੋਕ-ਲਾਮਬੰਦੀ ਦਾ ਫੈਲਾਅ ਦੇਸ਼ ਵਿਆਪੀ ਹੋ ਸਕਦਾ ਹੈ।
Farmers Protest
ਇਹੀ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਹੁਣ ਕਿਸਾਨ ਅੰਦੋਲਨ ਨੂੰ ਪੱਛਮੀ ਯੂਪੀ ਤੋਂ ਬਾਹਰ ਲਿਜਾਣ ਦੀ ਤਿਆਰੀ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਨਰੇਸ਼ ਟਿਕੈਤ ਅਵਧ ਦੇ ਬਾਰਾਬੰਕੀ ਤੇ ਪੂਰਵਾਂਚਲ ਦੇ ਮੁੰਡਰਵਾ (ਬਸਤੀ) ’ਚ ਕਿਸਾਨ ਮਹਾਂਪੰਚਾਇਤਾਂ ਨੂੰ ਸੰਬੋਧਨ ਕਰ ਚੁੱਕੇ ਹਨ। ਰਾਸ਼ਟਰੀ ਲੋਕ ਦਲ ਦੇ ਮੀਤ ਪ੍ਰਧਾਨ ਜਯੰਤ ਚੌਧਰੀ ਵੀ ਲਖੀਮਪੁਰ ਖੀਰੀ ਤੇ ਬਸਤੀ ’ਚ ਕਿਸਾਨ ਪੰਚਾਇਤਾਂ ਕਰ ਚੱਕੇ ਹਨ। ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਤੇ MSP ਦੀ ਗਰੰਟੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਭਖਾ ਚੁੱਕੀ ਹੈ।
Farmers protest
ਉਤਰ ਪ੍ਰਦੇਸ਼ ਦੇ ਕਈ ਪਿੰਡਾਂ ਵਿਚ ਭਾਜਪਾ ਆਗੂਆਂ ਦਾ ਵਿਰੋਧ ਵੀ ਹੋਇਆ ਹੈ। ਉਨ੍ਹਾਂ ਦੇ ਆਉਣ ਦੀ ਪਾਬੰਦੀ ਦੇ ਬੈਨਰ ਵੀ ਟੰਗੇ ਗਏ ਹਨ। ਜਵਾਬ ਵਿਚ ਭਾਜਪਾ ਆਗੂ, ਮੰਤਰੀ, ਵਿਧਾਇਕ, ਸੰਸਦ ਮੈਂਬਰ ਪਿੰਡਾਂ ’ਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਭਾਵੇਂ ਅਵਧ, ਪੂਰਵਾਂਚਲ ਤੇ ਬੁੰਦੇਲਖੰਡ ਦੇ ਕੁਝ ਕਿਸਾਨ ਗਾਜ਼ੀਪੁਰ ਬਾਰਡਰ ਉੱਤੇ ਹਨ ਪਰ ਭਾਰਤੀ ਕਿਸਾਨ ਯੂਨੀਅਨ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਮਹਾਂਪੰਚਾਇਤਾਂ ਕਰਕੇ ਕਿਸਾਨਾਂ ਨੂੰ ਖੇਤੀ ਬਿੱਲਾਂ ਤੇ ਸਰਕਾਰ ਦੇ ਅੜੀਅਲ ਰਵੱਈਏ ਬਾਰੇ ਜਾਣਕਾਰੀ ਦਿੱਤੀ ਜਾਵੇ।
Rakesh Tikait
ਭਾਰਤੀ ਕਿਸਾਨ ਯੂਨੀਅਨ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸੂਬਾ ਮੀਤ ਪ੍ਰਧਾਨ ਹਰਿਨਾਮ ਸਿੰਘ ਵਰਮਾ ਨੇ ਕਿਹਾ ਕਿ ਮਿਰਜ਼ਾਪੁਰ, ਵਾਰਾਨਸੀ, ਗੋਰਖਪੁਰ, ਫ਼ਤਿਹਪੁਰ ਤੋਂ ਇਲਾਵਾ ਇਕ ਪੰਚਾਇਤ ਬੁੰਦੇਲਖੰਡ ਵਿਚ ਕੀਤੇ ਜਾਣ ਦੀ ਯੋਜਨਾ ਹੈ। ਭਾਰਤੀ ਕਿਸਾਨ ਯੂਨੀਅਨ ਦੀ ਰਾਸ਼ਟਰੀ ਲੀਡਰਸ਼ਿਪ ਦੀ ਝੰਡੀ ਮਿਲਦਿਆਂ ਹੀ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਆਉਂਦੇ ਦਿਨਾਂ ਦੌਰਾਨ ਚੋਣਾਂ ਵਾਲੇ ਸੂਬਿਆਂ ਵਿਚ ਵੀ ਗਤੀਵਿਧੀਆਂ ਵਧਾਉਣ ਦੀ ਤਿਆਰੀ ਵਿਚ ਹਨ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਅਤੇ ਮਹਿੰਗਾਈ ਵਿਰੁਧ ਵਿਰੋਧੀ ਧਿਰਾਂ ਸਮੇਤ ਆਮ ਲੋਕਾਂ ਦੇ ਨਿਤਰਨ ਦੀ ਸੂਰਤ ਵਿਚ ਸੱਤਾਧਾਰੀ ਧਿਰ ਦੀਆਂ ਮੁਸ਼ਕਲਾਂ ਵਧਣਾ ਤੈਅ ਹੈ।