
ਵੋਟਾਂ ਬਟੋਰਨ ਦੇ ਚੱਕਰ 'ਚ ਅਪਣੀ ਹੀ ਸਰਕਾਰ ਦੀ ਕਿਰਕਿਰੀ ਕਰਵਾ ਬੈਠੇ ਭਾਜਪਾ ਨੇਤਾ
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਲੋਕਾਂ ਨਾਲ ਨੇੜਿਓਂ ਸੰਪਰਕ ਬਣਾਉਣ ਵਿਚ ਲੱਗੇ ਹੋਏ ਹਨ। ਕੋਈ ਲੋਕਾਂ ਅੱਗੇ ਜਾ ਕੇ ਹੱਥ ਜੋੜ ਰਿਹਾ ਹੈ ਤੇ ਕੋਈ ਗ਼ਰੀਬਾਂ ਦੇ ਘਰ ਜਾ ਕੇ ਖਾਣਾ ਖਾ ਰਿਹਾ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀ ਆਪਣੀ ਸਰਕਾਰ ਦੇ ਕੰਮਾਂ ਬਾਰੇ ਪ੍ਰਚਾਰ ਕਰਨ ਤੇ ਚੰਗਾ ਪ੍ਰਭਾਵ ਛੱਡਣ ਲਈ ਇਕ ਗ਼ਰੀਬ ਦੇ ਘਰ ਖਾਣਾ ਖਾਣ ਲਈ ਗਏ।
Sambit Patra
ਇਸ ਦਾ ਇਕ ਵੀਡੀਓ ਵੀ ਉਨ੍ਹਾਂ ਆਪਣੇ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤਾ ਹੈ ਪਰ ਜਿਵੇਂ ਹੀ ਇਹ ਵੀਡੀਓ ਲੋਕਾਂ ਨੇ ਦੇਖਿਆ ਤਾਂ ਮੋਦੀ ਸਰਕਾਰ ਦੀ ਕਿਰਕਿਰੀ ਹੀ ਹੋ ਗਈ। ਦਰਅਸਲ ਇਸ ਵੀਡੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਉਜਵਲਾ ਯੋਜਨਾ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ ਕਿਉਂਕਿ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਜਿਸ ਗ਼ਰੀਬ ਔਰਤ ਦੇ ਘਰ ਖਾਣਾ ਖਾਂਦੇ ਦਿਖਾਈ ਦੇ ਰਹੇ ਹਨ।
ਉਹ ਗ਼ਰੀਬ ਔਰਤ ਗੈਸ 'ਤੇ ਨਹੀਂ ਬਲਕਿ ਮਿੱਟੀ ਦੇ ਚੁੱਲ੍ਹੇ 'ਤੇ ਖਾਣਾ ਬਣਾਉਂਦੀ ਦਿਖਾਈ ਦੇ ਰਹੀ ਹੈ। ਦਸ ਦਈਏ ਕਿ ਇਹ ਵੀਡੀਓ ਓਡੀਸ਼ਾ ਵਿਚ ਪੁਰੀ ਦੇ ਇਕ ਛੋਟੇ ਜਿਹੇ ਪਿੰਡ ਦੀ ਹੈ। ਜਿੱਥੇ ਪਿੰਡ ਵਿਚ ਰਹਿਣ ਵਾਲੀ ਬੁੱਢੀ ਵਿਧਵਾ ਔਰਤ ਅਪਣੀਆਂ ਤਿੰਨ ਬੇਟੀਆਂ ਅਤੇ ਇਕ ਬੇਟੇ ਦੇ ਨਾਲ ਰਹਿੰਦੀ ਹੈ ਪਰ ਇਸ ਵੀਡੀਓ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਜਵਲਾ ਯੋਜਨਾ ਨੂੰ ਲੈ ਕੇ ਵਿਰੋਧੀਆਂ ਵਲੋਂ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਵਿਰੋਧੀਆ ਦਾ ਕਹਿਣਾ ਹੈ ਕਿ ਇਸ ਵੀਡੀਓ ਨੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਬਿਆਨ ਕਰ ਦਿਤੀ ਹੈ।