
Gujarat News : ਗੁਜਰਾਤ ਦੇ ਬਨਾਸਕਾਂਠਾ ’ਚ ਵਾਪਰਿਆ ਹਾਦਸਾ
Gujarat News in Punjabi : ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ’ਚ ਮੰਗਲਵਾਰ ਨੂੰ ਪਟਾਕਿਆਂ ਦੇ ਗੋਦਾਮ ’ਚ ਧਮਾਕਾ ਹੋਣ ਕਾਰਨ ਇਮਾਰਤ ’ਚ ਅੱਗ ਲੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ 9:45 ਵਜੇ ਦੇ ਕਰੀਬ ਡੀਸਾ ਕਸਬੇ ਦੇ ਨੇੜੇ ਇਕ ਉਦਯੋਗਿਕ ਖੇਤਰ ’ਚ ਵਾਪਰੀ।
ਪੁਲਿਸ ਸੁਪਰਡੈਂਟ ਅਕਸ਼ੈਰਾਜ ਮਕਵਾਨਾ ਨੇ ਦਸਿਆ ਕਿ ਧਮਾਕੇ ਤੋਂ ਬਾਅਦ ਇਮਾਰਤ ਦੀ ਛੱਤ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਪੀੜਤ ਮੱਧ ਪ੍ਰਦੇਸ਼ ਦੇ ਮਜ਼ਦੂਰ ਸਨ ਅਤੇ ਉਨ੍ਹਾਂ ਦੇ ਪਰਵਾਰਕ ਜੀਅ ਸਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੌਤ ਛੱਤ ਡਿੱਗਣ ਕਾਰਨ ਹੋਈ।
ਮਕਵਾਨਾ ਨੇ ਕਿਹਾ ਕਿ ਇਹ ਇਕਾਈ ਪਟਾਕਿਆਂ ਦੇ ਭੰਡਾਰਨ ਕਰਨ ਲਈ ਸੀ ਅਤੇ ਅਜੇ ਤਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਕਿ ਪਟਾਕੇ ਬਣਾਏ ਜਾ ਰਹੇ ਸਨ। ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਇਕ ਫੈਕਟਰੀ ਸੀ।
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਪਟੇਲ ਨੇ ਪੋਸਟ ’ਚ ਕਿਹਾ, ‘‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਮ੍ਰਿਤਕ ਮਜ਼ਦੂਰਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ।’’ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਇਸ ਘਟਨਾ ’ਚ ਮੱਧ ਪ੍ਰਦੇਸ਼ ਦੇ ਮਜ਼ਦੂਰਾਂ ਦੀ ਬੇਵਕਤੀ ਮੌਤ ’ਤੇ ਦੁੱਖ ਜ਼ਾਹਰ ਕੀਤਾ।
(For more news apart from 18 people killed, 5 injured in explosion at firecracker warehouse News in Punjabi, stay tuned to Rozana Spokesman)