
ਬਰੇਲੀ ਜ਼ਿਲ੍ਹੇ 'ਚ ਬਹੇੜੀ ਥਾਣਾ ਖੇਤਰ ਦੇ ਸ਼ੇਖ਼ੂਪੁਰ ਦੀ ਘਟਨਾ
ਬਰੇਲੀ- ਉਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ ਦਰੱਖਤ ਦੀ ਛਾਂ ਹੇਠ ਬੈਠ ਕੇ ਖਾਣਾ ਖਾ ਰਹੇ ਚਾਰ ਮਜ਼ਦੂਰਾਂ ਨਾਲ ਬੀਫ਼ ਦੇ ਸ਼ੱਕ 'ਚ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਜ਼ਦੂਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਧਾਰਮਿਕ ਅਸਥਾਨ ਵਿਚ ਬੈਠ ਕੇ ਬੀਫ਼ ਖਾਧਾ। ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਉਨ੍ਹਾਂ ਦੀ ਬੈਲਟਾਂ, ਚੱਪਲਾਂ ਅਤੇ ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ।
ਘਟਨਾ ਬਰੇਲੀ ਜ਼ਿਲ੍ਹੇ ਦੇ ਬਹੇੜੀ ਥਾਣਾ ਖੇਤਰ ਦੇ ਸ਼ੇਖ਼ੂਪੁਰ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਮਜ਼ਦੂਰਾਂ ਦੀ ਮਾਰਕੁੱਟ ਕਰਨ ਵਾਲਿਆਂ ਨੇ ਗੰਦੀਆਂ ਗਾਲਾਂ ਵੀ ਕੱਢੀਆਂ। ਮਾਰਕੁੱਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਇਸ ਸਬੰਧੀ 7 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਇਸੇ ਖੇਤਰ ਦੇ ਦੱਸੇ ਜਾ ਰਹੇ ਹਨ,
ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਕ ਰਿਪੋਰਟ ਮੁਤਾਬਕ ਮਜ਼ਦੂਰ ਮੱਝ ਦਾ ਮਾਸ ਖਾ ਰਹੇ ਸਨ। ਉਨ੍ਹਾਂ ਦੇ ਦੱਸਣ ਦੇ ਬਾਵਜੂਦ ਵੀ ਮੁਲਜ਼ਮ ਉਨ੍ਹਾਂ ਨੂੰ ਕੁੱਟਦੇ ਰਹੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆ ਸਕੇਗਾ। ਦੱਸ ਦਈਏ ਕਿ ਬੀਤੇ ਕੁੱਝ ਦਿਨਾਂ ਤੋਂ ਦੇਸ਼ ਭਰ ਵਿਚ ਇਸ ਤਰ੍ਹਾਂ ਦੀਆ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।