
ਪਹਿਲੀ ਬਰਸਾਤ ਨੇ ਹੀ ‘ਸਟੈਚੂ ਆਫ਼ ਯੂਨਿਟੀ’ ਨੂੰ ਕੀਤਾ ਪਾਣੀ-ਪਾਣੀ
ਗੁਜਰਾਤ- ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ‘ਸਟੈਚੂ ਆਫ ਯੂਨਿਟੀ’ ਜਿਸਦੀ ਲੰਬੀ 182 ਮੀਟਰ ਹੈ ਅਤੇ ਇਸਦਾ ਨਿਰਮਾਣ ਇਸ ਤਰੀਕੇ ਕੀਤਾ ਗਿਆ ਹੈ ਕਿ ਇਹ 180 ਕਿ.ਮੀ ਪ੍ਰਤੀ ਘੰਟਾ ਚੱਲਣ ਵਾਲੀਆਂ ਹਵਾਵਾਂ ਅਤੇ 6.5 ਤੀਬਰਤਾ ਵਾਲੇ ਭੂਚਾਲ ’ਚ ਵੀ ਖੜੀ ਰਹੇਗੀ ਪਰ ਇਸ ਮੂਰਤੀ ਨੂੰ ਪਹਿਲੀ ਹੀ ਬਰਸਾਤ ਨੇ ਤੰਗ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹਨਾਂ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ‘ਸਟੈਚੂ ਆਫ ਯੂਨਿਟੀ’ ਦੀ ਵਿਊਇੰਗ ਗੈਲਰੀ ’ਚ ਬਰਸਾਤ ਦਾ ਪਾਣੀ ਦਾਖਲ ਹੋ ਚੁੱਕਾ ਏ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Statue of Unity
ਇਸ ਬਾਰੇ ਸਟੈਚੂ ਆਫ ਯੂਨਿਟੀ ਦੇ ਸਵੀਟਰ ਹੈਂਡਲ ’ਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਤੇਜ਼ ਬਾਰਿਸ਼ ਤੇ ਹਵਾ ਨਾਲ ਪਾਣੀ ਵਿਊਇੰਗ ਗੈਲਰੀ ’ਚ ਦਾਖਲ ਹੋ ਗਿਆ ਹੈ ਜਿਸਨੂੰ ਸਾਫ ਕੀਤਾ ਜਾ ਰਿਹਾ ਹੈ। ਲੋਕ ਇਸ ਨੂੰ ਪ੍ਰਬੰਧਕਾਂ ਦੀ ਨਲਾਇਕੀ ਦੱਸ ਰਹੇ ਨੇ ਅਤੇ ਪ੍ਰਬੰਧਕਾਂ ਮੁਤਾਬਕ ਵਿਊਇੰਗ ਗੈਲਰੀ ਦਾ ਨਿਰਮਾਣ ਹੀ ਇਸ ਤਰੀਕੇ ਕੀਤਾ ਗਿਆ ਸੀ ਕਿ ਉਸ ਵਿੱਚੋਂ ਬਾਹਰ ਦਾ ਕੁਦਰਤੀ ਨਜ਼ਾਰਾ ਦਿਖ ਸਕੇ। ਚੱਲੋ ਮੰਨ ਲਿਆ ਕਿ ਨਿਰਮਾਣ ਹੀ ਇਸ ਤਰੀਕੇ ਨਾਲ ਕੀਤਾ ਗਿਆ ਸੀ ਪਰ ਪਾਣੀ ਜਮਾ ਕਰਨ ਦਾ ਵੀ ਇਰਾਦਾ ਸੀ ਇਸਦਾ ਨਹੀਂ ਪਤਾ ਸੀ।
Statue of Unity
ਅਜਿਹੇ ਹਲਾਤਾਂ ’ਚ ਲੋਕ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕਰ ਵਿਅੰਗ ਕੱਸ ਰਹੇ ਹਨ। ਇਸ ਤਸਵੀਰ ’ਚ ਸਟੈਚੂ ਆਫ ਯੂਨਿਟੀ ਦੇ ਰੇਨ ਕੋਟ ਪਹਿਨਾਇਆ ਹੋਇਆ ਨਜ਼ਰ ਆ ਰਿਹਾ ਹੈ। ਜਦ ਇਸ ਤਸਵੀਰ ਦਾ ਸੱਚ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਤਸਵੀਰ ਗੁਜਰਾਤ ਦੇ ਇੱਕ ਅਖਬਾਰ ਵੱਲੋਂ ਛਾਪੀ ਗਈ ਹੈ ਜਿਸ ’ਚ ਵਿਅੰਗਮਈ ਢੰਗ ਨਾਲ ਇਹ ਲਿਖਿਆ ਗਿਆ ਸੀ ਕਿ ਕੀ ਇਸ ਮੂਰਤੀ ਨੂੰ ਬਰਸਾਤ ਤੋਂ ਬਚਾਉਣ ਲਈ ਰੇਨ ਕੋਟ ਪਹਿਨਾਇਆ ਜਾਵੇਗਾ ਅਤੇ ਉਹਨਾਂ ਗ੍ਰਾਫਿਕਸ ਨਾਲ ਇਸ ਮੂਰਤੀ ’ਤੇ ਰੇਨ ਕੋਟ ਪਹਿਨਾਇਆ ਜਿਸਨੂੰ ਕਈ ਲੋਕ ਅਸਲ ਸਮਝ ਬੈਠੇ।
Statue of Unity
ਕੁਝ ਲੋਕ ਤਾਂ ਇਹ ਵੀ ਟਿੱਪਣੀਆਂ ਕਰ ਰਹੇ ਹਨ ਕਿ ਚੀਨ ਦਾ ਮਾਲ ਜ਼ਿਆਦਾ ਸਮਾਂ ਨਹੀਂ ਚਲਦਾ। ਪਰ ਪਹਿਲੀ ਬਰਸਾਤ ’ਚ ਹੀ ਸਟੈਚੂ ਆਫ ਯੂਨਿਟੀ ਦੇ ਪਾਣੀ ਪਾਣੀ ਹੋਣ ਨਾਲ ਖਾਮੀਆਂ ਜ਼ਰੂਰ ਸਾਹਮਣੇ ਆ ਗਈਆਂ ਹਨ। ਜਿਹਨਾਂ ਨੂੰ ਵੱਖ-ਵੱਖ ਬਿਆਨ ਦੇ ਕੇ ਢੱਕਣ ਦੀ ਥਾਂ ਉਹਨਾਂ ਦੇ ਹੱਲ ਵੱਲ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਮੂਰਤੀ ’ਤੇ 3000 ਕਰੋੜ ਤੋਂ ਵੱਧ ਦਾ ਖਰਚਾ ਆਇਆ ਹੈ ਜੇ ਫੇਰ ਵੀ ਕਮੀਆਂ ਰਹਿ ਜਾਂਦੀਆਂ ਹਨ ਤਾਂ ਸਵਾਲ ਉਠਣੇ ਲਾਜ਼ਮੀ ਹਨ ਅਤੇ ਪ੍ਰਸ਼ਾਸਨ ਨੂੰ ਉਸਦਾ ਜਵਾਬ ਵੀ ਦੇਣਾ ਪਵੇਗਾ।