
ਮੋਨੂੰ ਮਾਨੇਸਰ ਕੁੱਝ ਮਹੀਨੇ ਪਹਿਲਾਂ ਜ਼ਿੰਦਾ ਸਾੜੇ ਗਏ ਨਾਸਿਰ-ਜੁਨੈਦ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ
ਨੂਹ: ਹਰਿਆਣਾ ਦੇ ਨੂਹ 'ਚ ਬ੍ਰਜ ਮੰਡਲ ਸ਼ੋਭਾਯਾਤਰਾ ਦੌਰਾਨ ਹੋਈ ਹਿੰਸਾ ਵਿਚਾਲੇ ਬਜਰੰਗ ਦਲ ਦੇ ਮੈਂਬਰ ਮੋਨੂੰ ਮਾਨੇਸਰ ਦਾ ਨਾਂਅ ਚਰਚਾ ਵਿਚ ਹੈ। ਦਸਿਆ ਜਾ ਰਿਹਾ ਹੈ ਕਿ ਮੋਨੂੰ ਮਾਨੇਸਰ ਕੁੱਝ ਮਹੀਨੇ ਪਹਿਲਾਂ ਜ਼ਿੰਦਾ ਸਾੜੇ ਗਏ ਨਾਸਿਰ-ਜੁਨੈਦ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ ਤੇ ਕੁੱਝ ਮਹੀਨਿਆਂ ਤੋਂ ਫ਼ਰਾਰ ਚੱਲ ਰਿਹਾ ਸੀ। ਮੀਡੀਆ ਰੀਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਮੋਨੂੰ ਮਾਨੇਸਰ ਦੇ ਇਸ ਯਾਤਰਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਕਾਰਨ ਹੀ ਪੱਥਰਬਾਜ਼ੀ ਹੋਈ ਸੀ। ਮੇਵਾਤ ਦੇ ਲੋਕ ਮੋਨੂੰ ਮਾਨੇਸਰ ਦੇ ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਦਾ ਵਿਰੋਧ ਕਰ ਰਹੇ ਸਨ।
ਇਹ ਵੀ ਪੜ੍ਹੋ: ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼!
ਮੋਨੂੰ ਮਾਨੇਸਰ ਵਲੋਂ ਜਾਰੀ ਵੀਡੀਉ ਮਗਰੋਂ ਵਧਿਆ ਤਣਾਅ
ਦਸਿਆ ਜਾ ਰਿਹਾ ਹੈ ਕਿ ਮੋਨੂੰ ਮਾਨੇਸਰ ਨੇ ਇਕ ਦਿਨ ਪਹਿਲਾਂ ਵੀਡੀਉ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਉਹ ਯਾਤਰਾ 'ਚ ਸ਼ਾਮਲ ਹੋਣ ਜਾ ਰਿਹਾ ਹੈ। ਉਦੋਂ ਤੋਂ ਹੀ ਤਣਾਅ ਫੈਲਣਾ ਸ਼ੁਰੂ ਹੋ ਗਿਆ ਸੀ। ਮੇਵਾਤ ਦੇ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਨਾਸਿਰ ਅਤੇ ਜੁਨੈਦ ਦੇ ਕਤਲ ਕੇਸ ਦੇ ਮੁਲਜ਼ਮ ਮੋਨੂੰ ਮਾਨੇਸਰ ਦੇ ਮੇਵਾਤ ਪੁੱਜਣ ਦੀ ਖ਼ਬਰ ਮਿਲਦਿਆਂ ਹੀ ਦੋਵੇਂ ਧਿਰਾਂ ਨੇ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਚੁਨੌਤੀ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਦਸਿਆ ਜਾ ਰਿਹਾ ਹੈ ਕਿ ਵੀਡੀਉ ਦੇਖਣ ਤੋਂ ਬਾਅਦ ਰਾਜਸਥਾਨ ਦੇ ਭਰਤਪੁਰ ਦੀ ਪੁਲਿਸ ਟੀਮ ਮੋਨੂੰ ਨੂੰ ਫੜਨ ਲਈ ਨੂਹ ਪਹੁੰਚੀ ਸੀ ਪਰ ਮੋਨੂੰ ਮਾਨੇਸਰ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ: NDA ਸੰਸਦ ਮੈਂਬਰਾਂ ਨੂੰ ਬੋਲੇ ਪ੍ਰਧਾਨ ਮੰਤਰੀ ਮੋਦੀ, “ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਜਿੱਤਣੀਆਂ ਪੈਣਗੀਆਂ”
ਮਾਨੇਸਰ ਤੋਂ ਇਲਾਵਾ, 20 ਹੋਰਾਂ 'ਤੇ ਦੋ ਮੁਸਲਿਮ ਵਿਅਕਤੀਆਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜੋ ਕਿ 16 ਫਰਵਰੀ ਨੂੰ ਇਕ ਜਲੀ ਹੋਈ ਗੱਡੀ ਦੇ ਅੰਦਰ ਮ੍ਰਿਤਕ ਪਾਏ ਗਏ ਸਨ। ਪੁਲਿਸ ਨੇ ਕਿਹਾ ਕਿ ਨੂਹ ਵਿਚ ਹਿੰਸਾ ਇਹ ਅਫਵਾਹ ਫੈਲਣ ਤੋਂ ਬਾਅਦ ਸ਼ੁਰੂ ਹੋਈ ਸੀ ਕਿ ਮਾਨੇਸਰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਆਯੋਜਤ ਯਾਤਰਾ ਵਿਚ ਸ਼ਾਮਲ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖੇਤ 'ਚ ਕੰਮ ਕਰਦੇ ਸਮੇਂ ਕਿਰਤੀ ਨੂੰ ਸੱਪ ਨੇ ਡੰਗਿਆ
ਕੌਣ ਹੈ ਮੋਨੂੰ ਮਾਨੇਸਰ?
ਮੋਨੂੰ ਮਾਨੇਸਰ ਗੁਰੂਗ੍ਰਾਮ ਦੇ ਮਾਨੇਸਰ ਦਾ ਰਹਿਣ ਵਾਲਾ ਹੈ। 28 ਸਾਲਾ ਮੋਨੂੰ ਦਾ ਅਸਲੀ ਨਾਂਅ ਮੋਹਿਤ ਯਾਦਵ ਹੈ। ਉਹ ਬਜਰੰਗ ਦਲ ਨਾਲ ਜੁੜਿਆ ਹੋਇਆ ਹੈ ਅਤੇ ਗਊ ਰੱਖਿਅਕ ਦਾ ਕੰਮ ਕਰਦਾ ਹੈ। ਸੂਤਰਾਂ ਮੁਤਾਬਕ ਮੋਨੂੰ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਮੋਨੂੰ ਮਾਨੇਸਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦਾ ਹੈ। ਫੇਸਬੁੱਕ 'ਤੇ ਉਸ ਦੇ ਕਰੀਬ 83 ਹਜ਼ਾਰ ਅਤੇ ਯੂਟਿਊਬ 'ਤੇ 2 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹ ਅਕਸਰ ਗਊ ਰੱਖਿਆ ਨਾਲ ਸਬੰਧਤ ਵੀਡੀਉਜ਼ ਅੱਪਡੇਟ ਕਰਦਾ ਰਹਿੰਦਾ ਹੈ।