
ਮਿੱਥੀ ਥਾਂ ’ਤੇ ਪੁੱਜ ’ਚ ਲਗਣਗੇ 125 ਦਿਨ, ਇਸਰੋ ਮੁਖੀ ਨੇ ਚੇਂਗਲੰਮਾ ਮੰਦਰ ’ਚ ਕੀਤੀ ਪੂਜਾ
ਸ੍ਰੀਹਰੀਕੋਟਾ (ਆਂਧਰ ਪ੍ਰਦੇਸ਼): ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ‘ਆਦਿਤਿਆ ਐਲ1’ ਦੀ ਲਾਂਚ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਜਿਸ ਨੂੰ ਧਰੁਵੀ ਉਪਗ੍ਰਹਿ ਲਾਂਚ ਵਹੀਕਲ (ਪੀ.ਐੱਸ.ਐੱਲ.ਵੀ.) ਤੋਂ ਛਡਿਆ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿਤੀ।
ਸੂਰਜੀ ਪ੍ਰਯੋਗਸ਼ਾਲਾ ਮਿਸ਼ਨ ਸਨਿਚਰਵਾਰ ਨੂੰ ਦੁਪਹਿਰ 11:50 ਵਜੇ ਲਾਂਚ ਕੀਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਰਜੀ ਮਿਸ਼ਨ ’ਤੇ ਅਜਿਹੇ ਸਮੇਂ ’ਚ ਅਮਲ ਕੀਤਾ ਜਾ ਰਿਹਾ ਹੈ ਜਦੋਂ ਕੁਝ ਹੀ ਦਿਨ ਪਹਿਲਾਂ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫ਼ਲਤਾਪੂਰਵਕ ਅਪਣੀ ਮੰਜ਼ਿਲ ਤਕ ਪੁੱਜਿਆ।
ਆਦਿਤਿਆ-ਐਲ1 ਪੁਲਾੜ ਜਹਾਜ਼ ਨੂੰ ਸੂਰਜ ਦੀ ਜਾਂਚ ਅਤੇ ਐਲ1 (ਸੂਰਜ-ਪ੍ਰਿਥਵੀ ਲੈਗਰੇਂਜਿਅਨ ਬਿੰਦੂ) ’ਤੇ ਸੂਰਜੀ ਹਵਾ ਦਾ ਅਸਲ ਅਧਿਐਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਪ੍ਰਿਥਵੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ।
ਇਸਰੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘23 ਘੰਟੇ 40 ਮਿੰਟ ਦੀ ਉਲਟੀ ਗਿਣਤੀ 12:10 ਵਜੇ ਸ਼ੁਰੂ ਹੋਈ।
ਇਸਰੋ ਮੁਖੀ ਐਸ. ਸੋਮਨਾਥ ਅੱਜ ਲਾਂਚ ਤੋਂ ਪਹਿਲਾਂ, ਸ਼ੁਕਰਵਾਰ ਨੂੰ ਸੁਲੁਰੁਪੇਟਾ ’ਚ ਸ੍ਰੀ ਚੇਂਗਲੰਮਾ ਪਰਮੇਸ਼ਵਰੀ ਮੰਦਰ ਗਏ ਅਤੇ ਮਿਸ਼ਨ ਦੀ ਸਫ਼ਲਤਾ ਲਈ ਪੂਜਾ ਕੀਤੀ। ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਸੋਮਨਾਥ ਨੇ ਸਵੇਰੇ ਸਾਢੇ ਸੱਤ ਵਜੇ ਮੰਦਰ ਪਹੁੰਚ ਕੇ ਪੂਜਾ ਕੀਤੀ।
ਮੰਦਰ ਦੇ ਕਾਰਜਕਾਰੀ ਅਧਿਕਾਰੀ ਸ੍ਰੀਨਿਵਾਸ ਰੈੱਡੀ ਨੇ ਦਸਿਆ ਕਿ ਬੀਤੇ ਲਗਭਗ 15 ਸਾਲਾਂ ਤੋਂ ਰਾਕੇਟ ਲਾਂਚ ਤੋਂ ਪਹਿਲਾਂ ਇਸਰੋ ਦੇ ਅਧਿਕਾਰੀਆਂ ਦਾ ਇਸ ਮੰਦਰ ’ਚ ਆਉਣਾ ਇਕ ਰਵਾਇਤ ਬਣ ਗਿਆ ਹੈ। ਚੰਦਰਯਾਨ-3 ਮਿਸ਼ਨ ਤੋਂ ਇਕ ਦਿਨ ਪਹਿਲਾਂ ਵੀ ਸੋਮਨਾਥ ਮੰਦਰ ’ਚ ਆਏ ਸਨ।
ਸੋਮਨਾਥ ਨੇ ਸੂਰਜ ਮਿਸ਼ਨ ਬਾਰੇ ਗੱਲਬਾਤ ਕਰਦਿਆਂ ਨੇ ਪੱਤਰਕਾਰਾਂ ਨੂੰ ਕਿਹਾ ਸੀ, ‘‘ਅਸੀਂ ਲਾਂਚ ਲਈ ਤਿਆਰੀ ਕਰ ਰਹੇ ਹਾਂ। ਰਾਕੇਟ ਅਤੇ ਸੈਟਲਾਈਟ ਪੂਰੀ ਤਰ੍ਹਾਂ ਤਿਆਰ ਹਨ। ਅਸੀਂ ਲਾਂਚ ਲਈ ਅਭਿਆਸ ਪੂਰਾ ਕਰ ਲਿਆ ਹੈ ਮਿੱਥੀ ਥਾਂ ’ਤੇ ਪਹੁੰਚਣ ਲਈ 125 ਦਿਨ ਲਗਣਗੇ।’’