
ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ। ਪ੍ਰਸ਼ਾਸਨ ਨੇ ਹਾਥਰਸ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਇੱਥੇ 1 ਸਤੰਬਰ ਤੋਂ 31 ਅਕਤੂਬਰ ਤੱਕ ਧਾਰਾ 144 ਲਾਗੂ ਹੈ।
Priyanka Gandhi
ਗੈਂਗਰੇਪ ਅਤੇ ਤਸ਼ੱਦਦ ਦਾ ਸ਼ਿਕਾਰ ਹੋਈ 20 ਸਾਲਾ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੀ ਮੌਜੂਦਗੀ ਤੋਂ ਬਿਨਾਂ ਹੀ ਉਸ ਦਾ ਅੰਤਿਮ ਸੰਸਕਾਰ ਕੀਤੇ ਜਾਣ ਕਾਰਨ ਪੂਰੇ ਦੇਸ਼ ਵਿਚ ਰੋਸ ਜਤਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੀੜਤ ਲੜਕੀ 14 ਸਤੰਬਰ ਨੂੰ ਹਾਥਰਸ ਦੇ ਇਕ ਪਿੰਡ ਵਿਚ ਦਰਿੰਦਗੀ ਦਾ ਸ਼ਿਕਾਰ ਹੋਈ ਸੀ।
Hathdas Gangrape victim
ਉਸ ਨੇ ਮੰਗਲਵਾਰ ਨੂੰ ਦਿੱਲੀ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ। ਉਸ ਦੇ ਸਰੀਰ ਵਿਚ ਕਈ ਫਰੈਕਚਰ ਸਨ। ਉਸ ਦੀ ਜੀਭ ਕੱਟ ਦਿੱਤੀ ਗਈ। ਪੁਲਿਸ ਨੇ ਦੱਸਿਆ ਹੈ ਕਿ ਪੀੜਤ ਲੜਕੀ ਦੀ ਹਾਲਤ ਕਾਫ਼ੀ ਗੰਭੀਰ ਸੀ। ਉੱਥੇ ਹੀ ਲੜਕੀ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਾ ਚਾਹੁੰਦਾ ਸੀ ਪਰ ਪੁਲਿਸ ਨੇ ਰਾਤ 2.45 ਵਜੇ ਪੀੜਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਪਰਿਵਾਰ ਨੂੰ ਇਸ ਤੋਂ ਦੂਰ ਰੱਖਿਆ।
Rahul Gandhi
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਲਗਾਤਾਰ ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਅਦਿੱਤਿਯਾਨਾਥ 'ਤੇ ਹਮਲਾਵਰ ਹੋਏ ਹਨ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ, 'ਯੂਪੀ ਪੁਲਿਸ ਦੀ ਇਹ ਸ਼ਰਮਨਾਕ ਹਰਕਤ ਦਲਿਤਾਂ ਨੂੰ ਦਬਾਉਣ ਅਤੇ ਉਹਨਾਂ ਨੂੰ 'ਉਹਨਾਂ ਦੀ ਥਾਂ' ਦਿਖਾਉਣ ਲਈ ਹੈ। ਸਾਡੀ ਲੜਾਈ ਇਸ ਸੋਚ ਖਿਲਾਫ਼ ਹੈ'।
CM Yogi
ਉਧਰ ਪ੍ਰਿਯੰਕਾ ਗਾਂਧੀ ਨੇ ਸੀਐਮ ਯੋਗੀ ਦਾ ਅਸਤੀਫ਼ਾ ਮੰਗਿਆ ਹੈ। ਬੁੱਧਵਾਰ ਨੂੰ ਪ੍ਰਿਯੰਕਾ ਨੇ ਇਸ ਮਾਮਲੇ 'ਤੇ ਕਈ ਟਵੀਟ ਕੀਤੇ। ਉਹਨਾਂ ਨੇ ਕਿਹਾ ਕਿ, 'ਯੂਪੀ ਦੇ ਮੁੱਖ ਮੰਤਰੀ ਜੀ ਕੋਲੋਂ ਕੁਝ ਸਵਾਲ ਪੁੱਛਣਾ ਚਾਹੁੰਦੀ ਹਾਂ। ਪਰਿਵਾਰ ਕੋਲੋਂ ਜ਼ਬਰਦਸਤੀ ਖੋਹ ਕੇ ਪੀੜਤਾ ਦੀ ਲਾਸ਼ ਨੂੰ ਜਲਾਉਣ ਦਾ ਆਦੇਸ਼ ਕਿਸ ਨੇ ਦਿੱਤਾ ਸੀ? ਪਿਛਲੇ 14 ਦਿਨ ਤੋਂ ਕਿੱਥੇ ਸੁੱਤੇ ਹੋਏ ਸੀ ਤੁਸੀਂ? ਕਿਉਂ ਹਰਕਤ ਵਿਚ ਨਹੀਂ ਆਏ? ਕਦੋਂ ਤੱਕ ਚੱਲੇਗਾ ਇਹ ਸਭ? ਕਿਵੇਂ ਦੇ ਮੁੱਖ ਮੰਤਰੀ ਹੋ ਤੁਸੀਂ ?