
ਮੋਬਾਈਲ ਫ਼ੋਨ ਐਪ ਰਾਹੀਂ ਹੋਵੇਗੀ ਰਜਿਸਟ੍ਰੇਸ਼ਨ
ਨਵੀਂ ਦਿੱਲੀ - ਹਵਾਈ ਯਾਤਰੀਆਂ ਲਈ ਕਾਗਜ਼ ਰਹਿਤ ਦਾਖਲੇ ਦੀ ਸਹੂਲਤ ਦੇਣ ਵਾਲੀ ਪ੍ਰਣਾਲੀ 'ਡਿਜੀਯਾਤਰਾ' ਵੀਰਵਾਰ ਨੂੰ ਦਿੱਲੀ, ਬੈਂਗਲੁਰੂ ਅਤੇ ਵਾਰਾਣਸੀ ਹਵਾਈ ਅੱਡਿਆਂ 'ਤੇ ਕਾਰਜਸ਼ੀਲ ਕਰ ਦਿੱਤੀ ਗਈ। ਇਸ ਪ੍ਰਣਾਲੀ 'ਚ ਯਾਤਰੀਆਂ ਦਾ ਚਿਹਰਾ ਉਨ੍ਹਾਂ ਦੀ ਪਛਾਣ ਦਾ ਕੰਮ ਕਰੇਗਾ।
ਇਸ ਦਾ ਉਦਘਾਟਨ ਕਰਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ 'ਡਿਜੀਯਾਤਰਾ' ਵਿਚ, ਜੋ ਕਿ ਡਿਜੀਟਲ ਚਿਹਰੇ ਦੀ ਪਛਾਣ ਦੇ ਜ਼ਰੀਏ ਹਵਾਈ ਅੱਡੇ ਦੇ ਦਾਖਲੇ ਦੀ ਸਹੂਲਤ ਦੇਵੇਗੀ, ਯਾਤਰੀਆਂ ਨਾਲ ਜੁੜੇ ਡੇਟਾ ਨੂੰ ਵਿਕੇਂਦਰੀਕ੍ਰਿਤ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਵੇਗਾ।
ਅਗਲੇ ਸਾਲ ਮਾਰਚ ਤੱਕ ਹੈਦਰਾਬਾਦ, ਪੁਣੇ, ਵਿਜੇਵਾੜਾ ਅਤੇ ਕੋਲਕਾਤਾ ਦੇ ਹਵਾਈ ਅੱਡਿਆਂ 'ਤੇ ਵੀ 'ਡਿਜੀਯਾਤਰਾ' ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਸਹੂਲਤ ਘਰੇਲੂ ਉਡਾਣਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ ਅਤੇ ਇਹ ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਉਪਲਬਧ ਹੈ।
ਸਿੰਧੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ 'ਡਿਜੀਯਾਤਰਾ' ਪ੍ਰਣਾਲੀ ਵਿੱਚ, ਡੇਟਾ ਨੂੰ ਕੇਂਦਰੀਕ੍ਰਿਤ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਵੇਗਾ। ਉਨ੍ਹਾਂ ਇਹ ਟਿੱਪਣੀ ਯਾਤਰੀਆਂ ਦੇ ਡੇਟਾ ਅਤੇ ਨਿੱਜਤਾ ਦੀ ਉਲੰਘਣਾ ਨਾਲ ਸੰਬੰਧਿਤ ਖ਼ਦਸ਼ੇ ਦੇ ਸੰਦਰਭ ਵਿੱਚ ਕੀਤੀ ਹੈ।
ਉਨ੍ਹਾਂ ਕਿਹਾ, “ਪਹਿਲਾਂ ਅਸੀਂ ਇੱਕ ਕੇਂਦਰੀਕ੍ਰਿਤ ਪ੍ਰਣਾਲੀ 'ਤੇ ਵਿਚਾਰ ਕੀਤਾ, ਜਿਸ ਵਿੱਚ ਸਾਰੇ ਅੰਕੜੇ ਹੋਣ, ਪਰ ਫਿਰ ਨਿੱਜਤਾ, ਡੇਟਾ ਚੋਰੀ ਦੇ ਵਿਸ਼ਿਆਂ 'ਤੇ ਧਿਆਨ ਲਗਾਇਆ ਗਿਆ। ਇਸ ਲਈ ਅਸੀਂ ਇੱਕ ਵਿਕੇਂਦਰਿਤ ਪ੍ਰਣਾਲੀ ਦੀ ਚੋਣ ਕੀਤੀ, ਜਿਸ ਵਿੱਚ ਯਾਤਰੀਆਂ ਦੇ ਵੇਰਵੇ ਹੋਣਗੇ ਜੋ ਹਰ ਯਾਤਰੀ ਦੇ ਮੋਬਾਈਲ ਉੱਤੇ ਹੋਵੇਗਾ।
ਉਨ੍ਹਾਂ ਅੱਗੇ ਕਿਹਾ, "ਤੁਹਾਡੇ ਅੰਕੜੇ ਕੂਟਬੱਧ ਤਰੀਕੇ 'ਚ ਵਿਕੇਂਦਰਿਤ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਵੇਗਾ। ਅੰਕੜੇ ਯਾਤਰੀ ਦੇ ਫੋਨ ਵਿੱਚ ਸਟੋਰ ਹੋਣਗੇ, ਅਤੇ ਹਵਾਈ ਅੱਡੇ 'ਤੇ ਸਾਂਝਾ ਕੀਤਾ ਗਿਆ ਡੇਟਾ ਯਾਤਰਾ ਦੇ 24 ਘੰਟਿਆਂ ਬਾਅਦ ਹੀ ਮਿਟਾ ਦਿੱਤਾ ਜਾਵੇਗਾ।"
ਇਸ ਸਹੂਲਤ ਦਾ ਲਾਭ ਲੈਣ ਲਈ ਯਾਤਰੀਆਂ ਨੂੰ 'ਡਿਜੀਯਾਤਰਾ' ਐਪ 'ਤੇ ਰਜਿਸਟਰ ਕਰਨਾ ਹੋਵੇਗਾ, ਅਤੇ ਆਪਣੇ ਵੇਰਵੇ ਪ੍ਰਦਾਨ ਕਰਨੇ ਹੋਣਗੇ। ਇਸ 'ਚ ਆਧਾਰ ਦੇ ਜ਼ਰੀਏ ਵੈਰੀਫਿਕੇਸ਼ਨ ਹੋਵੇਗਾ ਅਤੇ ਯਾਤਰੀ ਨੂੰ ਆਪਣੀ ਫੋਟੋ ਵੀ ਲੈਣੀ ਹੋਵੇਗੀ। 'ਡਿਜੀਯਾਤਰਾ' ਐਂਡਰਾਇਡ ਅਤੇ ਆਈਓਐਸ ਪਲੇਟਫਾਰਮ 'ਤੇ ਉਪਲਬਧ ਹੈ।
ਹਵਾਈ ਅੱਡੇ ਦੇ ਈ-ਗੇਟ 'ਤੇ, ਯਾਤਰੀ ਨੂੰ ਪਹਿਲਾਂ ਬਾਰ-ਕੋਡ ਵਾਲੇ ਬੋਰਡਿੰਗ ਪਾਸ ਨੂੰ ਸਕੈਨ ਕਰਨਾ ਹੋਵੇਗਾ ਅਤੇ ਫਿਰ ਉੱਥੇ ਸਥਾਪਤ 'ਚਿਹਰਾ ਪਛਾਣ' ਸਿਸਟਮ ਯਾਤਰੀ ਦੀ ਪਛਾਣ ਅਤੇ ਯਾਤਰਾ ਦਸਤਾਵੇਜ਼ ਦੀ ਪੁਸ਼ਟੀ ਕਰੇਗਾ। ਇਸ ਪ੍ਰਕਿਰਿਆ ਤੋਂ ਬਾਅਦ ਯਾਤਰੀ ਈ-ਗੇਟ ਰਾਹੀਂ ਹਵਾਈ ਅੱਡੇ ਦੇ ਅੰਦਰ ਜਾ ਸਕਣਗੇ।
ਯਾਤਰੀ ਨੂੰ ਸੁਰੱਖਿਆ ਜਾਂਚ ਅਤੇ ਜਹਾਜ਼ 'ਚ ਸਵਾਰ ਹੋਣ ਲਈ ਯਾਤਰੀ ਨੂੰ ਆਮ ਪ੍ਰਕਿਰਿਆ ਦੀ ਹੀ ਪਾਲਣ ਕਰਨੀ ਹੋਵੇਗੀ।
ਸਿੰਧੀਆ ਨੇ ਕਿਹਾ ਕਿ ਇਹ ਡਿਜੀਟਲ ਪਛਾਣ ਪ੍ਰਣਾਲੀ ਦੁਬਈ, ਸਿੰਗਾਪੁਰ, ਅਟਲਾਂਟਾ ਅਤੇ ਜਾਪਾਨ ਦੇ ਨਾਰਿਤਾ ਸਮੇਤ ਵੱਖ-ਵੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਸਥਾਪਿਤ ਹੈ, ਜਿਸ ਨਾਲ ਯਾਤਰੀਆਂ ਦੇ ਸਮੇਂ ਦੀ ਬਚਤ ਹੁੰਦੀ ਹੈ।