
ਸੁਪਰੀਮ ਕੋਰਟ ਦੇ ਦੂਜੇ ਸੱਭ ਤੋਂ ਸੀਨੀਅਰ ਜੱਜ ਰੰਜਨ ਗੋਗੋਈ 3 ਅਕਤੂਬਰ ਨੂੰ ਭਾਰਤ ਦੇ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ.............
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਦੂਜੇ ਸੱਭ ਤੋਂ ਸੀਨੀਅਰ ਜੱਜ ਰੰਜਨ ਗੋਗੋਈ 3 ਅਕਤੂਬਰ ਨੂੰ ਭਾਰਤ ਦੇ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ। ਸੂਤਰਾਂ ਅਨੁਸਾਰ ਰਵਾਇਤਾਂ 'ਤੇ ਚਲਦਿਆਂ ਚੀਫ਼ ਜਸਟਿਸ ਦੀਪਕ ਸ਼ਿਮਰਾ ਛੇਤੀ ਹੀ ਅਪਣੇ ਤੋਂ ਬਾਅਦ ਸੁਪਰੀਮ ਕੋਰਟ ਦੇ ਸੱਭ ਤੋਂ ਸੀਨੀਅਰ ਜੱਜ ਜਸਟਿਸ ਗੋਗੋਈ ਦਾ ਨਾਂ ਅਪਣੇ ਉੱਤਰਾਧਿਕਾਰੀ ਵਜੋਂ ਐਲਾਨ ਕਰਨਗੇ। ਸੂਤਰਾਂ ਅਨੁਸਾਰ ਜਸਟਿਸ ਗੋਗੋਈ ਅਗਲੇ ਸਾਲ 17 ਨਵੰਬਰ ਤਕ ਚੀਫ਼ ਜਸਟਿਸ ਹੋਣਗੇ। ਕੁੱਝ ਦਿਨ ਪਹਿਲਾਂ ਕਾਨੂੰਨ ਮੰਤਰਾਲਾ ਨੇ ਜਸਟਿਸ ਦੀਪਕ ਮਿਸ਼ਰਾ ਨੂੰ ਅਪਣੇ ਉੱਤਰਾਧਿਕਾਰੀ ਦਾ ਨਾਂ ਦੱਸਣ ਨੂੰ ਕਿਹਾ ਸੀ।
ਅਜਿਹੀ ਰਵਾਇਤ ਹੈ ਕਿ ਕਾਨੂੰਨ ਮੰਤਰਾਲਾ ਚੀਫ਼ ਜਸਟਿਸ ਨੂੰ ਅਪਣੇ ਉੱਤਰਾਧਿਕਾਰੀ ਦੇ ਨਾਂ ਦੀ ਸਿਫ਼ਾਰਸ਼ ਕਰਨ ਲਈ ਲਿਖਦਾ ਹੈ। ਜੇਕਰ ਇਸ ਸਿਫ਼ਾਰਿਸ਼ ਨੂੰ ਕੇਂਦਰ ਵਲੋਂ ਹਰੀ ਝੰਡੀ ਦੇ ਦਿਤੀ ਜਾਂਦੀ ਹੈ ਤਾਂ ਜਸਟਿਸ ਗੋਗੋਈ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਹੁਦੇ ਦੀ ਸਹੁੰ ਚੁਕਾਉਣਗੇ। ਜ਼ਿਕਰਯੋਗ ਹੈ ਕਿ ਜਸਟਿਸ ਗੋਗੋਈ ਉਨ੍ਹਾਂ ਚਾਰ ਜੱਜਾਂ ਵਿਚੋਂ ਸਨ ਜਿਨ੍ਹਾਂ ਨੇ ਇਸੇ ਸਾਲ ਜਨਵਰੀ 'ਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ 'ਤੇ ਸੁਪਰੀਮ ਕੋਰਟ 'ਚ ਕੇਸਾਂ ਦੀ ਵੰਡ 'ਤੇ ਤਾਨਾਸ਼ਾਹੀ ਵਰਗਾ ਰਵਈਆ ਅਖ਼ਤਿਆਰ ਕਰਨ ਦਾ ਦੋਸ਼ ਲਾਇਆ ਸੀ।
ਇਸ ਵੇਲੇ ਉਹ ਆਸਾਮ ਕੌਮੀ ਨਾਗਰਿਕ ਰਜਿਸਟਰਡ ਮਾਮਲੇ 'ਤੇ ਕੇਸ ਦੀ ਸੁਣਵਾਈ ਕਰ ਰਹੇ ਹਨ। ਦੀਪਕ ਮਿਸ਼ਰਾ 2 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ ਅਤੇ ਉਨ੍ਹਾਂ ਵਲੋਂ ਕਾਨੂੰਨ ਮੰਤਰਾਲਾ ਨੂੰ ਸਿਫ਼ਾਰਿਸ਼ ਤੋਂ ਬਾਅਦ ਹੀ ਇਕ ਮਹੀਨੇ ਪਹਿਲਾਂ ਜਸਟਿਸ ਗੋਗੋਈ ਦੇ ਨਾਂ ਦਾ ਰਸਮੀ ਐਲਾਨ ਕੀਤਾ ਜਾਵੇਗਾ। 2 ਅਕਤੂਬਰ ਨੂੰ ਛੁੱਟੀ ਹੋਣ ਕਰ ਕੇ 1 ਅਕਤੂਬਰ ਨੂੰ ਜਸਟਿਸ ਮਿਸ਼ਰਾ ਦੇ ਕੰਮ ਕਰਨ ਦਾ ਆਖ਼ਰੀ ਦਿਨ ਹੋਵੇਗਾ। (ਏਜੰਸੀਆਂ)