
ਕਾਤਲ ਮਾਂ ਗ੍ਰਿਫ਼ਤਾਰ, ਨਹੀਂ ਦੱਸਿਆ ਕਤਲ ਦਾ ਕਾਰਨ
ਬਿਹਾਰ: ਇੱਥੋਂ ਦੇ ਬਕਸਰ ਜ਼ਿਲ੍ਹੇ 'ਚ ਆਪਣੀਆਂ ਹੀ 3 ਧੀਆਂ ਨੂੰ ਗਲ਼ ਘੁੱਟ ਕੇ ਮਾਰ ਦੇਣ ਦੇ ਦੋਸ਼ ਹੇਠ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਸ਼ੀ ਔਰਤ ਪਿੰਕੀ ਦੇਵੀ ਨੇ ਆਪਣੀਆਂ 3 ਧੀਆਂ, ਪੂਨਮ (8), ਰੋਨੀ (7) ਅਤੇ ਬਬਲੀ (4) ਨੂੰ ਜਾਨੋਂ ਕਿਉਂ ਮਾਰ ਮੁਕਾਇਆ। ਦੋਸ਼ੀ ਪਿੰਕੀ ਦੇਵੀ ਥਾਣਾ ਖੇਤਰ ਬ੍ਰਹਮਪੁਰ ਦੇ ਪਿੰਡ ਬਰਕੀ ਗਾਈ ਘਾਟ ਦੀ ਰਹਿਣ ਵਾਲੀ ਹੈ।
ਗੁਆਂਢੀਆਂ ਨੇ ਸ਼ੁੱਕਰਵਾਰ 9 ਸਤੰਬਰ ਦੇ ਦਿਨ ਬੱਚੀਆਂ ਦੀਆਂ ਲਾਸ਼ਾਂ ਦੇਖੀਆਂ ਅਤੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿੰਕੀ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਔਰਤ ਦੇ ਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਿਹਾਰ ਤੋਂ ਕਿਤੇ ਬਾਹਰ ਰਹਿੰਦਾ ਹੈ। ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਪੁੱਛ-ਗਿੱਛ ਦੌਰਾਨ ਪਿੰਕੀ ਦੇਵੀ ਨੇ ਇਹ ਕਬੂਲ ਕੀਤਾ ਕਿ ਉਸ ਨੇ ਗਲ਼ਾ ਘੁੱਟ ਕੇ ਆਪਣੀਆਂ ਬੇਟੀਆਂ ਦਾ ਕਤਲ ਕਰ ਦਿੱਤਾ, ਪਰ ਉਸ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਆਖ਼ਿਰ ਉਸ ਨੇ ਅਜਿਹਾ ਕੀਤਾ ਕਿਉਂ?