
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸੰਸਦ ਦੇ ਵਿਸ਼ੇਸ਼ ਇਜਲਾਸ ਬਾਰੇ ਸੂਚਿਤ ਕੀਤਾ ਗਿਆ
ਨਵੀਂ ਦਿੱਲੀ: ਸੰਸਦ ਦਾ ਵਿਸ਼ੇਸ਼ ਇਜਲਾਸ 18 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਇਹ 22 ਸਤੰਬਰ ਤਕ ਚੱਲੇਗਾ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਨੇ ਇਹ ਜਾਣਕਾਰੀ ਦਿਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਸਕੱਤਰੇਤ ਨੇ ਕਿਹਾ, ‘‘17ਵੀਂ ਲੋਕ ਸਭਾ ਦਾ 13ਵਾਂ ਸੈਸ਼ਨ 18 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਇਹ 22 ਸਤੰਬਰ ਤਕ ਚੱਲੇਗਾ।’’
ਇਸ ਦੇ ਨਾਲ ਹੀ ਰਾਜ ਸਭਾ ਸਕੱਤਰੇਤ ਨੇ ਅਪਣੇ ਬੁਲੇਟਿਨ ’ਚ ਕਿਹਾ, ‘‘ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਜ ਸਭਾ ਦਾ 261ਵਾਂ ਸੈਸ਼ਨ 18 ਸਤੰਬਰ ਤੋਂ ਸ਼ੁਰੂ ਹੋਵੇਗਾ। ਸੈਸ਼ਨ 18,19,20, 21 ਅਤੇ 22 ਸਤੰਬਰ ਤਕ ਚੱਲੇਗਾ।’’ ਇਸ ’ਚ ਕਿਹਾ ਗਿਆ ਹੈ ਕਿ ਸੈਸ਼ਨ ਆਮ ਤੌਰ ’ਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਅਤੇ ਫਿਰ ਦੁਪਹਿਰ 2 ਤੋਂ ਸ਼ਾਮ 6 ਵਜੇ ਤਕ ਚੱਲੇਗਾ। ਸਕੱਤਰੇਤ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਸੈਸ਼ਨ ਦੌਰਾਨ ਦੋਵਾਂ ਸਦਨਾਂ ’ਚ ਕੋਈ ਪ੍ਰਸ਼ਨ ਕਾਲ ਅਤੇ ਗੈਰ-ਸਰਕਾਰੀ ਕੰਮਕਾਜ ਨਹੀਂ ਹੋਵੇਗਾ।
ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ 'ਚ ਪਹਿਲੀ ਵਾਰ ਸੰਸਦ ਦਾ ਅਜਿਹਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਹਾਲਾਂਕਿ, ਇਸ ਤੋਂ ਪਹਿਲਾਂ, ਜੀ.ਐਸ.ਟੀ. ਲਾਗੂ ਕਰਨ ਦੇ ਮੌਕੇ ’ਤੇ ਜੂਨ 2017 ਦੀ ਅੱਧੀ ਰਾਤ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਬੁਲਾਈ ਗਈ ਸੀ। ਸੂਤਰਾਂ ਮੁਤਾਬਕ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦੀ ਕੰਮਕਾਜ ਉਸ ਨਵੀਂ ਸੰਸਦ ਭਵਨ ’ਚ ਤਬਦੀਲ ਹੋ ਸਕਦਾ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਈ ਨੂੰ ਕੀਤਾ ਸੀ।
ਆਮ ਤੌਰ ’ਤੇ ਸੰਸਦ ਦੇ ਤਿੰਨ ਸੈਸ਼ਨ ਹੁੰਦੇ ਹਨ। ਇਸ ’ਚ ਬਜਟ ਸੈਸ਼ਨ, ਮਾਨਸੂਨ ਸੈਸ਼ਨ ਅਤੇ ਸਰਦ ਰੁੱਤ ਸੈਸ਼ਨ ਸ਼ਾਮਲ ਹੁੰਦੇ ਹਨ। ਵਿਸ਼ੇਸ਼ ਹਾਲਾਤ ’ਚ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵਿਵਸਥਾ ਹੈ। ਸੰਸਦ ਦਾ ਮਾਨਸੂਨ ਸੈਸ਼ਨ 11 ਅਗੱਸਤ ਨੂੰ ਸਮਾਪਤ ਹੋ ਗਿਆ। ਚੰਦਰਯਾਨ-3 ਮਿਸ਼ਨ ਦੀ ਤਾਜ਼ਾ ਸਫਲਤਾ ਅਤੇ ਅੰਮ੍ਰਿਤ ਕਾਲ ਦੌਰਾਨ ਭਾਰਤ ਦੇ ਟੀਚਿਆਂ ਨੂੰ ਵੀ ਵਿਸ਼ੇਸ਼ ਸੈਸ਼ਨ ’ਚ ਚਰਚਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ।