
ਸਿਰਫ਼ ਰੂਪਾਂਤਰਣ ਹੀ ਕਾਪੀਰਾਈਟ ਐਕਟ ਅਧੀਨ ਮਿਲੀ ਸੁਰੱਖਿਆ ਦੇ ਹੱਕਦਾਰ
ਇਸਕੌਨ ਨਾਲ ਸਬੰਧਤ ਸਮੱਗਰੀ ਦੀ ਮੁੜ ਪ੍ਰਕਾਸ਼ਨਾ ਅਤੇ ਪ੍ਰਸਾਰਨ ’ਤੇ ਲਾਈ ਰੋਕ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ‘ਇਸਕੋਨ’ ਦੇ ਸੰਸਥਾਪਕ ਸ੍ਰੀਲ ਪ੍ਰਭੂਪਾਦ ਵਲੋਂ ਸਥਾਪਤ ਕੀਤੀ ਭਕਤੀਵੇਦਾਂਤ ਬੁੱਕ ਟਰੱਸਟ ਨਾਲ ਸਬੰਧਤ ਸਮੱਗਰੀ ਨੂੰ ਮੁੜ ਪ੍ਰਕਾਸ਼ਿਤ ਕਰਨ ਅਤੇ ਪ੍ਰਸਾਰਿਤ ਕਰਨ ਤੋਂ ਕਈ ਸੰਸਥਾਵਾਂ ਨੂੰ ਰੋਕ ਦਿਤਾ ਹੈ।
ਅਦਾਲਤ ਨੇ ਕਿਹਾ ਹੈ ਕਿ ਧਾਰਮਕ ਗ੍ਰੰਥਾਂ ’ਤੇ ਕੋਈ ਕਾਪੀਰਾਈਟ ਨਹੀਂ ਹੋ ਸਕਦਾ, ਪਰ ਉਨ੍ਹਾਂ ਦੇ ਰੂਪਾਂਤਰਣ - ਜਿਵੇਂ ਰਾਮਾਨੰਦ ਸਾਗਰ ਦੀ ਰਾਮਾਇਣ ਜਾਂ ਬੀ.ਆਰ. ਚੋਪੜਾ ਦਾ ਮਹਾਭਾਰਤ - ‘ਪਾਇਰੇਸੀ’ ਤੋਂ ਸੁਰੱਖਿਆ ਦੇ ਹੱਕਦਾਰ ਹਨ।
ਜਸਟਿਸ ਪ੍ਰਤਿਭਾ ਐੱਮ. ਸਿੰਘ ਨੇ ਇਸ ਮੁੱਦੇ ’ਤੇ ਟਰੱਸਟ ਦੇ ਮੁਕੱਦਮੇ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਕਾਪੀਰਾਈਟ ਉਨ੍ਹਾਂ ਰਚਨਾਵਾਂ ਦੇ ਮੂਲ ਹਿੱਸਿਆਂ ’ਤੇ ਹੋਵੇਗਾ ਜੋ ਧਰਮ ਗ੍ਰੰਥਾਂ ਦਾ ਉਪਦੇਸ਼ ਦਿੰਦੇ ਹਨ ਜਾਂ ਇਨ੍ਹਾਂ ਦੀ ਵਿਆਖਿਆ ਕਰਦੇ ਹਨ ਅਤੇ ਮੁਦਈ ਨੂੰ ਅਜਿਹੇ ਕਾਪੀਰਾਈਟ ਯੋਗ ਕੰਮਾਂ ਦੀ ਪਾਇਰੇਸੀ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
ਅਦਾਲਤ ਨੇ ਹਾਲ ਹੀ ਦੇ ਇਕਪਾਸੜ ਕੇਸ ’ਚ ਕਿਹਾ, ‘‘ਮੁਦਾਇਕ ਨੰਬਰ 1 ਤੋਂ 14 ਨੂੰ ਮੁਦਈ ਦੀਆਂ ਰਚਨਾਵਾਂ ਦੇ ਕਿਸੇ ਵੀ ਹਿੱਸੇ ਨੂੰ ਛਪੇ ਰੂਪ ’ਚ ਜਾਂ ਆਡੀਉ-ਵਿਜ਼ੂਅਲ ਰੂਪ ’ਚ ਜਾਂ ਵੈੱਬਸਾਈਟ, ਮੋਬਾਈਲ ਐਪ ਸਮੇਤ ਕਿਸੇ ਵੀ ਇਲੈਕਟ੍ਰਾਨਿਕ ਰੂਪ ’ਚ ਮੁਹਈਆ ਕਰਾਉਣ ਦੀ ਮਨਾਹੀ ਹੈ।’’ ਇਸ ’ਚ ਕਿਹਾ ਗਿਆ ਹੈ ਕਿ ਕਿਸੇ ਵੀ ਰੂਪ ’ਚ ਅਜਿਹਾ ਕਰਨ ਨਾਲ ਮੁਦਈ ਦੇ ਕਾਪੀਰਾਈਟ ਦੀ ਉਲੰਘਣਾ ਹੋਵੇਗੀ।
ਇਸ ਨੇ ਗੂਗਲ ਅਤੇ ਮੇਟਾ ਇੰਕ. ਨੂੰ ਹਦਾਇਤ ਕੀਤੀ ਕਿ ਉਹ ਅਪਣੇ ਮੰਚ ਤੋਂ ਅਜਿਹੀਆਂ ਕਾਰਵਾਈਆਂ ਨੂੰ ਹਟਾ ਦੇਣ ਜਦਕਿ ਅਧਿਕਾਰੀਆਂ ਨੂੰ ਇਤਰਾਜ਼ਯੋਗ ਲਿੰਕਾਂ ਨੂੰ ਹਟਾਉਣ ਅਤੇ ਬਲਾਕ ਕਰਨ ਦਾ ਹੁਕਮ ਦਿਤਾ ਗਿਆ।
ਮੁਦਈ ਨੇ ਕਿਹਾ ਕਿ ਇਸ ਕੋਲ ਅਧਿਆਤਮਿਕ ਗੁਰੂ ਅਭੈ ਚਰਨਾਰਵਿੰਦ ਭਗਤੀਵੇਦਾਂਤ ਸਵਾਮੀ ਪ੍ਰਭੂਪਾਦਾ ਦੀਆਂ ਸਾਰੀਆਂ ਰਚਨਾਵਾਂ ਦਾ ਕਾਪੀਰਾਈਟ ਹੈ, ਜਿਨ੍ਹਾਂ ਨੇ ਧਾਰਮਕ ਪੁਸਤਕਾਂ ਅਤੇ ਗ੍ਰੰਥਾਂ ਨੂੰ ਸਰਲ ਬਣਾਇਆ ਤਾਂ ਜੋ ਆਮ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਸਮਝ ਸਕਣ।
ਇਸ ਵਿਚ ਕਿਹਾ ਗਿਆ ਹੈ ਕਿ ਪ੍ਰਭੂਪਾਦ ਦੇ ਜੀਵਨ ਕਾਲ ਦੌਰਾਨ ਅਤੇ ਉਨ੍ਹਾਂ ਦੀ ‘ਮਹਾਸਮਾਧੀ’ ਤੋਂ ਬਾਅਦ ਮੁਦਈਆਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਛਪਾਉਣ ਅਤੇ ਆਡੀਓ ਰੂਪ ਸਮੇਤ ਵੱਖ-ਵੱਖ ਰੂਪਾਂ ਵਿਚ ਫੈਲਾਇਆ ਅਤੇ ਬਚਾਅ ਪੱਖ ਨੇ ਇਨ੍ਹਾਂ ਨੂੰ ਬਿਨਾਂ ਕਿਸੇ ਲਾਇਸੈਂਸ ਜਾਂ ਅਧਿਕਾਰਾਂ ਤੋਂ ਅਪਣੇ ਔਨਲਾਈਨ ਮੰਚ, ਮੋਬਾਈਲ ਐਪ ਅਤੇ ਇੰਸਟਾਗ੍ਰਾਮ ਖਾਤੇ ’ਤੇ ਉਪਲਬਧ ਕਰਵਾਇਆ ਸੀ।