
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਕੇਜਰੀਵਾਲ ਸਰਕਾਰ ਦਾ ਇਹ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਕੇਜਰੀਵਾਲ ਸਰਕਾਰ ਦਾ ਇਹ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ। ਦਿੱਲੀ-ਐਨਸੀਆਰ ਵਿਚ ਪਿਛਲੇ ਇਕ ਮਹੀਨੇ ਤੋਂ ਪ੍ਰਦੂਸ਼ਣ ਦੇ ਪੱਧਰ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਵੀ ਕਈ ਥਾਵਾਂ 'ਤੇ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਸੀ। ਦਿੱਲੀ-ਐੱਨਸੀਆਰ ਦੇ ਕੁਝ ਇਲਾਕਿਆਂ 'ਚ ਇਹ ਪੱਧਰ 600 ਨੂੰ ਪਾਰ ਕਰ ਗਿਆ ਹੈ।
Delhi Pollution
ਸੁਪਰੀਮ ਕੋਰਟ ਪ੍ਰਦੂਸ਼ਣ ਦੇ ਮੁੱਦੇ 'ਤੇ ਲਗਾਤਾਰ ਸੁਣਵਾਈ ਕਰ ਰਹੀ ਹੈ। ਵੀਰਵਾਰ ਨੂੰ ਵੀ ਅਦਾਲਤ 'ਚ ਸੁਣਵਾਈ ਹੋਈ, ਜਿਸ 'ਚ ਸਕੂਲਾਂ ਨੂੰ ਖੋਲਣ ਸਬੰਧੀ ਸੁਪਰੀਮ ਕੋਰਟ ਨੇ ਸਵਾਲ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਪ੍ਰਦੂਸ਼ਣ ਵਿਚਕਾਰ ਸਕੂਲ ਕਿਉਂ ਖੋਲ੍ਹੇ ਗਏ। ਸੁਪਰੀਮ ਕੋਰਟ ਨੇ ਪੁੱਛਿਆ ਕਿ ਮਾਪੇ ਘਰੋਂ ਕੰਮ ਕਰ ਰਹੇ ਹਨ ਤਾਂ ਬੱਚੇ ਸਵੇਰ ਦੀ ਧੁੰਦ ਵਿਚ ਸਕੂਲ ਕਿਉਂ ਜਾ ਰਹੇ ਹਨ?
Supreme Court
ਅਦਾਲਤ ਨੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਜੇਕਰ ਬੱਚੇ ਦੇ ਮਾਤਾ-ਪਿਤਾ ਉਹਨਾਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਭੇਜ ਦਿਓ, ਨਹੀਂ ਤਾਂ ਨਹੀਂ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਕੂਲ ਅਤੇ ਦਫ਼ਤਰ ਖੋਲ੍ਹਣ ਬਾਰੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਦਿੱਲੀ ਸਰਕਾਰ ਨੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ।
Delhi Air Pollution
ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਸਕੂਲਾਂ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ, "ਮੌਜੂਦਾ ਪ੍ਰਦੂਸ਼ਣ ਦੇ ਪੱਧਰ ਕਾਰਨ ਦਿੱਲੀ ਦੇ ਸਾਰੇ ਸਕੂਲ ਕੱਲ੍ਹ ਤੋਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।" ਦੱਸ ਦਈਏ ਕਿ ਸੁਪਰੀਮ ਕੋਰਟ ਨੇ ਅੱਜ ਦਿੱਲੀ-ਐਨਸੀਆਰ ਵਿਚ ਪ੍ਰਦੂਸ਼ਣ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕੇਂਦਰ ਅਤੇ ਸੂਬਿਆਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ 24 ਘੰਟਿਆਂ ਵਿਚ ਕਾਰਵਾਈ ਕਰੋ ਨਹੀਂ ਤਾਂ ਅਦਾਲਤ ਹੁਕਮ ਜਾਰੀ ਕਰੇਗੀ। ਐਮਰਜੈਂਸੀ ਦੀ ਸਥਿਤੀ ਵਿਚ ਕਦਮ ਚੁੱਕਣ ਦੀ ਲੋੜ ਹੈ।