
ਫਿਲਹਾਲ ਦਿੱਲੀ ਪੁਲਿਸ ਨੇ ਸਰਵਰ ਨੂੰ ਸੈਂਟਰਲ ਫੋਰੈਂਸਿਕ ਲੈਬ ਭੇਜਿਆ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਏਮਜ਼ ਵਿਚ ਸਾਈਬਰ ਹੈਕਿੰਗ ਮਗਰੋਂ ਸਰਵਰ ਡਾਊਨ ਹੋਏ ਨੂੰ ਕਰੀਬ ਇਕ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ। ਏਮਜ਼ ਦਾ ਸਰਵਰ ਕਿਵੇਂ ਡਾਊਨ ਹੋਇਆ ਅਤੇ ਕਿਸ ਨੇ ਹੈਕ ਕੀਤਾ, ਇਸ ਦੀ ਜਾਂਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਆਈਐਪਐਸਓ ਯੂਨਿਟ ਕਰ ਰਹੀ ਹੈ।
ਇਸ ਦੌਰਾਨ ਜਾਂਚ ਟੀਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸਰਵਰ ਦੀ ਹੈਕਿੰਗ ਹਾਂਗਕਾਂਗ ਤੋਂ ਕੀਤੀ ਸਾਜ਼ਿਸ਼ ਹੋ ਸਕਦੀ ਹੈ। ਫਿਲਹਾਲ ਦਿੱਲੀ ਪੁਲਿਸ ਨੇ ਸਰਵਰ ਨੂੰ ਸੈਂਟਰਲ ਫੋਰੈਂਸਿਕ ਲੈਬ (CFSL) ਭੇਜਿਆ ਹੈ। ਉਸ ਦੀ ਰਿਪੋਰਟ ਜਲਦ ਆ ਸਕਦੀ ਹੈ, ਜਿਸ ਤੋਂ ਬਾਅਦ ਹੀ ਸਰੋਤ ਦਾ ਪਤਾ ਚੱਲ ਸਕੇਗਾ। ਇਸ ਮਾਮਲੇ ਵਿਚ ਚੀਨੀ ਜਾਂ ਪਾਕਿਸਤਾਨ ਦੇ ਹੈਕਰਜ਼ ਦਾ ਕੋਈ ਹੱਥ ਹੈ ਜਾਂ ਨਹੀਂ, ਇਸ ਮਾਮਲੇ ਵਿਚ ਵੀ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ।
ਸੂਤਰਾਂ ਮੁਤਾਬਕ ਏਮਜ਼ ਦੇ ਸਰਵਰ ਨੂੰ ਜਾਂਚ ਲਈ ਸੈਂਟਰਲ ਫੋਰੈਂਸਿਕ ਲੈਬ ਭੇਜਿਆ ਗਿਆ ਹੈ। ਸਰਵਰ ਨੂੰ ਸਹੀ ਕਰਨ ਲਈ ਗ੍ਰਹਿ ਮੰਤਰਾਲੇ, ਆਈਟੀ ਮੰਤਰਾਲੇ ਅਤੇ ਕਈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਕੰਮ ਕਰ ਰਹੇ ਹਨ। ਸਾਈਬਰ ਅਟੈਕ ਮਾਮਲੇ 'ਚ 2 ਕਰਮਚਾਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ। ਇਹ ਦੋਵੇਂ ਸਿਸਟਮ ਏਨਾਲਿਸਟ ਹਨ। ਦੋਵਾਂ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ’ਤੇ ਏਮਜ਼ ਪ੍ਰਬੰਧਕ ਨੇ ਦੋਵਾਂ ਨੂੰ ਸਸਪੈਂਡ ਕਰ ਦਿੱਤਾ।