
ਸਰਕਾਰ ਨੇ 2006 ਵਿਚ ਫ਼ਿਲਮ ਨਿਰਮਾਤਾ ਅਰਿਬਮ ਸ਼ਿਆਮ ਸ਼ਰਮਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜਿਆ ਸੀ। ਹੁਣ ਲਗਭੱਗ 13 ਸਾਲ ਬਾਅਦ ਸ਼ਰਮਾ...
ਨਵੀਂ ਦਿੱਲੀ : ਸਰਕਾਰ ਨੇ 2006 ਵਿਚ ਫ਼ਿਲਮ ਨਿਰਮਾਤਾ ਅਰਿਬਮ ਸ਼ਿਆਮ ਸ਼ਰਮਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜਿਆ ਸੀ। ਹੁਣ ਲਗਭੱਗ 13 ਸਾਲ ਬਾਅਦ ਸ਼ਰਮਾ ਨੇ ਨਾਗਰਿਕਤਾ ਸੋਧ ਬਿਲ’ ਦੇ ਵਿਰੋਧ ਵਿਚ ਅਪਣਾ ਪਦਮ ਸ਼੍ਰੀ ਇਨਾਮ ਵਾਪਸ ਕਰਨ ਦਾ ਐਲਾਨ ਕੀਤਾ ਹੈ। 83 ਸਾਲਾਂ ਸ਼ਰਮਾ ਨੇ ਇਹ ਐਲਾਨ ਮਨੀਪੁਰ ਦੇ ਇੰਫ਼ਾਲ ਵਿਚ ਕੀਤਾ। ਦੱਸ ਦਈਏ ਕਿ ਨਾਗਰਿਕਤਾ ਸੋਧ ਬਿਲ ਦਾ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ।
2006 ਵਿਚ ਮਨੀਪੁਰੀ ਸਿਨੇਮਾ ਅਤੇ ਫ਼ਿਲਮਾਂ ਵਿਚ ਮਹੱਤਵਪੂਰਨ ਯੋਗਦਾਨ ਲਈ ਸੁਰਗਵਾਸੀ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਸ਼ਰਮਾ ਨੂੰ ਇਸ ਸਨਮਾਨ ਨਾਲ ਨਵਾਜਿਆ ਸੀ। ਸ਼ਰਮਾ ਮਨੀਪੁਰ ਦੇ ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਕੰਪੋਜ਼ਰ ਹਨ। ਉਨ੍ਹਾਂ ਨੇ ਕਿਹਾ, ਮਨੀਪੁਰ ਵਾਸੀਆਂ ਨੂੰ ਸੁਰੱਖਿਆ ਦੀ ਜ਼ਰੂਰਤ ਹੈ। 500 ਤੋਂ ਵੱਧ ਮੈਬਰਾਂ ਵਾਲੇ ਸਦਨ (ਲੋਕਸਭਾ) ਵਿਚ ਰਾਜ ਦੇ ਸਿਰਫ ਇਕ ਜਾਂ ਦੋ ਮੈਂਬਰ ਹਨ। ਅਜਿਹੇ ਵਿਚ ਸੰਸਦ ਦੇ ਅੰਦਰ ਦੇਸ਼ ਦੇ ਉੱਤਰ ਪੂਰਬੀ ਹਿੱਸਿਆਂ ਦੀ ਆਵਾਜ਼ ਕੀ ਅਤੇ ਕਿਵੇਂ ਦੀ ਹੋਵੇਗੀ।
ਅਰਿਬਮ ਸ਼ਿਆਮ ਸ਼ਰਮਾ ਨੇ ਕਿਹਾ, “ਛੋਟੇ ਜਾਂ ਵੱਡੇ ਪੱਧਰ ਉਤੇ ਸੂਬੇ ਦੇ ਨਾਤੇ ਕੇਂਦਰ ਸਰਕਾਰ ਸਾਡਾ ਸਨਮਾਨ ਕਰੇ। ਇਸ ਨੂੰ ਆਬਾਦੀ ਦੇ ਆਧਾਰ ਉਤੇ ਨਹੀਂ ਗਿਣਿਆ ਜਾਣਾ ਚਾਹੀਦਾ ਹੈ। ਮੈਂ ਇਹ ਮੁੱਦਾ ਇਸ ਲਈ ਚੁੱਕ ਰਿਹਾ ਹਾਂ। ਉੱਤਰ ਪੂਰਬੀ ਰਾਜ ਸੰਯੁਕਤ ਰੂਪ ਤੋਂ ਜਦੋਂ ਕੋਈ ਚੀਜ਼ ਸਰਕਾਰ ਦੇ ਸਾਹਮਣੇ ਪੇਸ਼ ਕਰਨ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਸ ਚੀਜ਼ ਉਤੇ ਵਿਚਾਰ ਕਰੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸੁਭਾਵਿਕ ਹੈ ਕਿ ਅਸੀ ਵਿਰੋਧ ਪ੍ਰਗਟ ਕਰਾਂਗੇ।”