
ਰਾਕੇਸ਼ ਟਿਕੈਤ ਦਾ ਬੀਜੇਪੀ ਨੂੰ ਖੁੱਲ੍ਹਾ ਚੈਲੇਂਜ, ਘਰ-ਘਰ ਜਾ ਦੱਸਾਂਗੇ ਕਾਨੂੰਨਾਂ ਦੇ ਨੁਕਸਾਨ
ਨਵੀਂ ਦਿੱਲੀ (ਸੈਸ਼ਵ ਨਾਗਰਾ): ਖੇਤੀ ਦੇ ਨਵੇਂ ਕਾਨੂੰਨਾਂ ਨੂੰ ਰੱਦ ਕਰਾਉਣ ਲਈਂ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਉਤੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਹ ਧਰਨਾ ਪ੍ਰਦਰਸ਼ਨ 3 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਸਰਕਾਰ ਅਪਣਾ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਹੈ। ਕਿਸਾਨਾਂ ਵੱਲੋਂ ਹੁਣ ਸਰਕਾਰ ਨੂੰ ਜਗਾਉਣ ਲਈ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਮਹਾਂ ਪੰਚਾਇਤਾਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਉਥੇ ਹੀ ਅੱਜ ਉਤਰਾਖੰਡ ਦੇ ਰੂਦਰਪੁਰ ਵਿਚ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਕੀਤੀ ਗਈ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਸੈਸ਼ਵ ਨਾਗਰਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਉਚੇਚੇ ਤੌਰ ’ਤੇ ਗੱਲਬਾਤ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਗਾਉਣ ਲਈ ਸਾਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਲੋਕਾਂ ਨੂੰ ਜਗਾਉਣ ਦਾ ਕੰਮ ਕਰਨਾ ਪਵੇਗਾ ਅਤੇ ਨਾਲ ਹੀ ਦਿੱਲੀ ਵਿਚ ਚੱਲ ਰਹੇ ਧਰਨਾ ਪ੍ਰਦਰਸ਼ਨ ਨੂੰ ਹੋਰ ਮਜਬੂਤ ਕਰਨਾ ਪਵੇਗਾ।
Kissan
ਇਕ ਫਸਲ ਦੀ ਕੁਰਬਾਨੀ ਦੇਣ ਵਾਲੇ ਬਿਆਨ ਬਾਰੇ ਟਿਕੈਤ ਨੇ ਕਿਹਾ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਫ਼ਸਲ ਦੀ ਕਟਾਈ ਕਰਨ ਲਈ ਕਿਸਾਨ ਅੰਦੋਲਨ ਛੱਡ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ ਪਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਆਪਣੀ ਫਸਲਾਂ ਦੀ ਕਟਾਈ ਕਰਕੇ ਫਰੀ ਹੋ ਚੁੱਕੇ ਹੋਣਗੇ ਫਿਰ ਵਾਰੀ ਪੰਜਾਬ ਅਤੇ ਹਰਿਆਣਾ ਦੀ ਆਵੇਗੀ ਕਿਉਂਕਿ ਹਾਲੇ ਇੱਥੇ ਫਸਲ ਦੀ ਕਟਾਈ ਲਈ ਡੇਢ ਮਹੀਨਾ ਪਿਆ ਹੈ, ਪਹਿਲਾਂ ਕਟਾਈ ਕਰਨ ਵਾਲੇ ਕਿਸਾਨ ਧਰਨੇ ਉਤੇ ਆ ਜਾਣਗੇ।
tractor
ਟਿਕੈਤ ਨੇ ਕਿਹਾ ਕਿ ਮੇਰੀ ਕਿਸਾਨਾਂ ਨੂੰ ਅਪੀਲ ਹੈ ਕਿ ਅਪਣੀਆਂ ਫਸਲਾਂ ਨੂੰ ਬਰਬਾਦ ਨਾ ਕਰੋ। ਉਨ੍ਹਾਂ ਕਿਹਾ ਕਿ ਸਾਲ 2021 ਅੰਦੋਲਨ ਦਾ ਸਾਲ ਹੈ, ਜੇ ਸਾਨੂੰ ਪਾਰਲੀਮੈਂਟ ਵਿਚ ਵੀ ਜਾਣਾ ਪਿਆ ਤਾਂ ਅਸੀਂ ਆਪਣੇ ਟਰੈਕਟਰਾਂ ਸਣੇ ਉਥੇ ਜਾਵਾਂਗੇ ਕਿਉਂਕਿ ਸਾਡੇ ਟਰੈਕਟਰ ਵੀ ਉਹੀ ਹਨ ਤੇ ਕਿਸਾਨ ਵੀ ਉਹ ਹਨ।
Rakesh Tikait
ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਅਸੀਂ ਸਿਰਫ਼ ਖੇਤੀ ਕਾਨੂੰਨਾਂ ਨੂੰ ਹੀ ਰੱਦ ਕਰਾਉਣਾ ਹੈ। ਟਿਕੈਤ ਨੇ ਕਿਹਾ ਕਿ ਮੇਰੇ ਚੋਣ ਲੜਨ ਦੀਆਂ ਅਫਵਾਹਾਂ ਝੂਠ ਹਨ ਤੇ ਅਜਿਹਾ ਮੇਰਾ ਵਿਚਾਰ ਨਹੀਂ ਹੈ, ਮੈਂ ਚੋਣ ਨਹੀਂ ਲੜਾਂਗਾ।