
ਸ੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਵਿਚ ਇਸ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਫ਼ੈਸਲੇ ਨੂੰ ਲੈ ਕੇ ਹਰਿਆਣਾ..........
ਸ਼ਾਹਬਾਦ ਮਾਰਕੰਡਾ: ਸ੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਵਿਚ ਇਸ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਫ਼ੈਸਲੇ ਨੂੰ ਲੈ ਕੇ ਹਰਿਆਣਾ ਦੇ ਲੋਕਾਂ ਵਿਸ਼ੇਸ਼ ਕਰ ਕੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਚੋਣ ਲੜਣ ਦੇ ਇਛੁਕ ਕਈ ਸਿਖ ਆਗੂਆਂ ਨੇ ਅਪਣੀਆਂ ਸਰਗਰਮੀਆਂ ਵੀ ਹੌਲੀ ਹੌਲੀ ਸ਼ੁਰੂ ਕਰ ਦਿਤੀਆਂ ਹਨ ਅਤੇ ਲੋਕਾਂ ਨਾਲ ਮੇਲ ਮਿਲਾਪ ਵੀ ਸ਼ੁਰੂ ਕਰ ਦਿਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਕੌਰ ਕਮੇਟੀ ਦੀ ਮੈਂਬਰ ਬੀਬੀ ਕਰਤਾਰ ਕੌਰ ਗਿਲ, ਸ਼ਾਹਬਾਦ ਹਲਕਾ ਰਿਜਰਵ ਹੋਣ ਕਰਕੇ ਨਾਲ ਲਗਦੇ ਲਾਡਵਾ ਹਲਕੇ ਤੋਂ ਚੋਣ ਲੜਣ ਦਾ ਮਨ ਬਣਾ ਰਹੀ ਹੈ। ਇਸ ਗੱਲ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ
ਕਿ ਬੀਤੇ ਮਹੀਨੇ ਲੋਹਗੜ੍ਹ ਵਿਖੇ ਆਯੋਜਿਤ ਵਿਸ਼ਾਲ ਧਾਰਮਕ ਸਮਾਗਮ ਵਿਚ ਬੀਬੀ ਗਿਲ ਲਾਡਵਾ ਹਲਕੇ ਤੋਂ ਵੱਡੀ ਗਿਣਤੀ ਵਿਚ ਸੰਗਤ ਨੂੰ ਲੈ ਕੇ ਲੋਹਗੜ੍ਹ ਪੁੱਜੇ ਸਨ, ਇਸ ਗੱਲ ਨੂੰ ਲੈ ਕੇ ਲਾਡਵਾ ਹਲਕੇ ਦੇ ਮੌਜੂਦਾ ਵਿਧਾਇਕ ਅਤੇ ਦੂਜੇ ਰਾਜਨੀਤਕ ਲੀਡਰਾਂ ਵਿਚ ਹਲਚਲ ਵੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਸ਼ਾਹਬਾਦ ਰਿਜਰਵ ਹਲਕੇ ਤੋਂ ਜਸਪਾਲ ਸਿੰਘ ਮੈਨੇਜਰ ਵੀ ਚੋਣ ਲੜਨ ਲਈ ਅੰਦਰ ਖਾਤੇ ਤਿਆਰੀ ਕਰ ਰਹੇ ਹਨ। ਸ਼ਾਹਬਾਦ ਦੇ ਕੁਝ ਅਕਾਲੀ ਆਗੁ ਵੀ ਇਹ ਚਾਹੁੰਦੇ ਹਨ, ਕਿ ਅਕਾਲੀ ਹਾਈ ਕਮਾਂਡ ਜਦੋ ਟਿਕਟਾ ਦੀ ਵੰਡ ਕਰੇ, ਤਾਂ ਉਹ ਜਸਪਾਲ ਸਿੰਘ ਨੂੰ ਅੱਖੋ ਉਹਲੇ ਨਾ ਕਰੇ।
ਬੀਤੀ ਸ਼ਾਮ ਸਥਾਨਕ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨਜੀਤ ਸਿੰਘ ਦੀ ਪ੍ਰਧਾਨਗੀ ਵਿਚ ਇੱਥੇ ਹੋਈ, ਜਿਸ ਵਿਚ ਸਾਰਿਆਂ ਨੇ ਜਸਪਾਲ ਸਿੰਘ ਨੂੰ ਸ਼ਾਹਬਾਦ ਤੋ ਚੋਣ ਲੜਣ ਲਈ ਹੁਣੇ ਤੋਂ ਹੀ ਤਿਆਰੀ ਕਰਨ ਲਈ ਕਿਹਾ। ਮੀਟਿੰਗ ਵਿਚ ਅਕਾਲੀ ਨੇਤਾ ਪ੍ਰੀਤਮ ਸਿੰਘ ਸ਼ਿਗਾਰੀ, ਜਸਪਾਲ ਸਿੰਘ ਮੈਨੇਜਰ, ਮੋਹਨ ਸਿੰਘ, ਸੁਰਜੀਤ ਸਿੰਘ ਜੁਨੇਜਾ, ਹਰਜੀਤ ਸਿੰਘ ਰਾਣਾ, ਸੁਰਜੀਤ ਸਿੰਘ ਮੱਕਰ, ਮੋਹਿੰਦਰ ਸਿੰਘ, ਸਿਮਰਨਜੀਤ ਸਿੰਘ, ਅਮਰਜੀਤ ਸਿੰਘ, ਦੇਸ ਰਾਜ ਆਦਿ ਨੇ ਹਿੱਸਾ ਲਿਆ।