
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਮਰੀਕਾ ਵਿਚ ਹੋਈ ਕੁੱਟਮਾਰ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਗਰਮਾਇਆ ਰਿਹਾ...
ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਮਰੀਕਾ ਵਿਚ ਹੋਈ ਕੁੱਟਮਾਰ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਗਰਮਾਇਆ ਰਿਹਾ। ਇਸੇ ਦੌਰਾਨ ਹੁਣ ਉਨ੍ਹਾਂ ਦੀ ਇਕ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਬੰਦੀ ਸਿੱਖਾਂ ਦੀ ਰਿਹਾਈ ਲਈ ਲੜਾਈ ਲੜਨ ਦੀ ਗੱਲ ਕਰਨ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੂੰ ਅੰਦਰ ਕਰਵਾਉਣ ਲਈ ਯਤਨ ਕਰਨ ਦੀ ਗੱਲ ਆਖ ਰਹੇ ਸਨ।
Manjit Singh GK
ਇਸੇ ਦੌਰਾਨ ਕਥਿਤ ਤੌਰ 'ਤੇ ਉਨ੍ਹਾਂ ਦੇ ਪੀਏ ਵਿਚਾਲੇ ਟੋਕ ਕੇ ਉਨ੍ਹਾਂ ਨੂੰ ਆਖਦਾ ਹੈ ਕਿ ਉਸ ਨੂੰ ਕਿਸੇ ਪੁਲਿਸ ਵਾਲੇ ਦਾ ਫ਼ੋਨ ਆਇਆ ਹੈ ਕਿ ਕੋਈ ਮਨਜਿੰਦਰ ਸਿੰਘ ਨਾਂਅ ਦਾ ਵਿਅਕਤੀ 150 ਬੰਦੇ ਲੈ ਕੇ ਰੋਸ ਪ੍ਰਦਰਸ਼ਨ ਕਰਨ ਲਈ ਆ ਰਿਹਾ ਹੈ, ਕਰਨ ਦੇਈਏ? ਇਸ 'ਤੇ ਜੀਕੇ ਨੇ ਕਿਹਾ ਕਿ 'ਚੁਕਾ ਦਿਓ।' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਸ ਦਈਏ ਕਿ ਇਕ ਪਾਸੇ ਤਾਂ ਮਨਜੀਤ ਸਿੰਘ ਜੀਕੇ ਅਪਣੇ ਆਪ ਨੂੰ ਸਿੱਖਾਂ ਦਾ ਹਿਤੈਸ਼ੀ ਦਸਦੇ ਹਨ ਪਰ ਦੂਜੇ ਪਾਸੇ ਅਪਣੇ ਵਿਰੁਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਲੋਕਾਂ ਨੂੰ ਪੁਲਿਸ ਕੋਲੋਂ ਚੁਕਵਾਉਣ ਦੇ ਨਿਰਦੇਸ਼ ਦਿੰਦੇ ਹਨ।
Manjit Singh GK
ਸੋਸ਼ਲ ਮੀਡੀਆ 'ਤੇ ਇਸ ਵੀਡੀਓ 'ਤੇ ਉਨ੍ਹਾਂ ਦੇ ਵਿਰੁਧ ਕਾਫ਼ੀ ਕੁਮੈਂਟਸ ਆ ਰਹੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਜੀਕੇ ਨੂੰ ਪੁੱਛੋ ਕਿ ਵਿਦੇਸ਼ੀ ਸਿੱਖ ਤਾਂ ਤੇਰਾ ਵਿਰੋਧ ਕਰਦੇ ਸੀ ਕਿਉਂਕਿ ਤੇਰੇ ਅਨੁਸਾਰ ਉਹ ਖ਼ਾਲਿਸਤਾਨੀ ਸਨ ਪਰ ਹੁਣ ਤੇਰੀ ਦਿੱਲੀ ਦੇ ਸਿੱਖ ਤੇਰਾ ਕਿਉਂ ਵਿਰੋਧ ਕਰ ਰਹੇ ਨੇ? ਦਸ ਦਈਏ ਕਿ ਪਿਛਲੇ ਦਿਨੀਂ ਜਦੋਂ ਮਨਜੀਤ ਸਿੰਘ ਜੀਕੇ ਅਮਰੀਕਾ ਦੇ ਦੌਰੇ 'ਤੇ ਗਏ ਹੋਏ ਸਨ ਤਾਂ ਉਥੇ ਕਈ ਥਾਵਾਂ 'ਤੇ ਮਨਜੀਤ ਸਿੰਘ ਜੀਕੇ ਦਾ ਕਾਫ਼ੀ ਵਿਰੋਧ ਹੋਇਆ। ਨਿਊਯਾਰਕ, ਕੈਲੇਫੋਰਨੀਆ ਵਿਚ ਉਨ੍ਹਾਂ 'ਤੇ ਹਮਲਾ ਕੀਤਾ ਗਿਆ।
Manjit Singh GK
ਇਸ ਤੋਂ ਬਾਅਦ ਫਿਰ ਯੂਬਾ ਸਿਟੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਜਦੋਂ ਮਨਜੀਤ ਸਿੰਘ ਜੀਕੇ ਮੱਥਾ ਟੇਕਣ ਲਈ ਗਿਆ ਤਾਂ ਉਥੇ ਗਰਮ ਦਲੀਆਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਕਾਰਨ ਉਥੇ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ। ਗਰਮ ਦਲੀਆਂ ਵਲੋਂ ਉਥੇ ਮਨਜੀਤ ਸਿੰਘ ਜੀਕੇ ਦੀ ਸੜਕ 'ਤੇ ਸੁੱਟ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਜੀਕੇ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਰੋਧਤਾ ਹੋ ਰਹੀ ਹੈ।