
ਵਿਵਾਦਾਂ ਵਿਚ ਰਹੇ ਗੁਰੂ ਹਰਿਕ੍ਰਿਸ਼ਨ ਹਸਪਤਾਲ, ਬਾਲਾ ਸਾਹਿਬ ਨੂੰ ਮੁੜ ਸ਼ੁਰੂ ਕਰਨ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਹਾਲਤ ਸੁਧਾਰਨ..............
ਨਵੀਂ ਦਿੱਲੀ : ਵਿਵਾਦਾਂ ਵਿਚ ਰਹੇ ਗੁਰੂ ਹਰਿਕ੍ਰਿਸ਼ਨ ਹਸਪਤਾਲ, ਬਾਲਾ ਸਾਹਿਬ ਨੂੰ ਮੁੜ ਸ਼ੁਰੂ ਕਰਨ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਹਾਲਤ ਸੁਧਾਰਨ ਬਾਰੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ, ਵਲੋਂ ਗੁਰੂ ਸਾਹਿਬ ਦੀ ਅਸੀਸ ਲੈਣ ਬਾਰੇ ਦਿਤੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਅੱਜ ਸ.ਮਨਜੀਤ ਸਿੰਘ ਜੀ ਕੇ ਨੂੰ ਘੇਰਦਿਆਂ ਹਸਪਤਾਲ ਚਾਲੂ ਕਰਨ ਬਾਰੇ ਉਨਾਂ੍ਹ ਦੀ ਨੀਅਤ 'ਤੇ ਸਵਾਲ ਚੁਕੇ ਹਨ।
ਸ.ਜੀ ਕੇ ਨੂੰ ਮੁਖਾਤਬ ਹੁੰਦਿਆਂ ਸ.ਸਰਨਾ ਨੇ ਕਿਹਾ, “ਗੁਰੂ ਸਾਹਿਬ ਈਮਾਨਦਾਰਾਂ ਨੂੰ ਬਖ਼ਸ਼ਿਸ਼ਾਂ ਦਿੰਦੇ ਹਨ, ਨਾ ਕਿ ਭ੍ਰਿਸ਼ਟਾਚਾਰੀਆਂ ਨੂੰ।“ ਚੇਤੇ ਰਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੌਰਾਨ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸ.ਜੀ ਕੇ ਨੇ ਕਿਹਾ ਸੀ ਕਿ ਉਹ ਗੁਰੂ ਸਾਹਿਬ ਦੀ ਅਸੀਸ ਮੰਗਦੇ ਹਨ ਤਾ ਕਿ 'ਗੁਰੂ ਹਰਿਕ੍ਰਿਸ਼ਨ ਹਸਪਤਾਲ ਚਾਲੂ ਕਰ ਸਕੀਏ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾਲੀ ਹਾਲਤ ਸੁਧਾਰ ਸਕੀਏ।'
ਸ.ਸਰਨਾ ਨੇ ਇਹ ਵੀ ਕਿਹਾ ਕਿ ਸਾਲ 2007 'ਚ ਜਦੋਂ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਪਤਵੰਤੇ ਸਿੱਖਾਂ ਨਾਲ ਮਿਲ ਕੇ, ਆਧੁਨਿਕ ਸਹੂਲਤਾਂ ਨਾਲ ਲੈੱਸ ਗੁਰੂ ਹਰਿਕ੍ਰਿਸ਼ਨ ਹਸਪਤਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ, ਉਦੋਂ ਤਾਂ ਬਾਦਲ ਦਲ ਨੇ ਡੀਡੀਏ ਨੂੰ ਝੂਠੀਆਂ ਸ਼ਿਕਾਇਤਾਂ ਕੀਤੀਆਂ ਤੇ ਅਦਾਲਤੀ ਮੁਕੱਦਮੇਬਾਜ਼ੀ ਕਰ ਕੇ, ਹਸਪਤਾਲ ਦਾ ਕੰਮ ਠੱਪ ਕਰਵਾ ਦਿਤਾ ਜਿਸ ਕਾਰਨ ਅੱਜ ਹਸਪਤਾਲ ਦੀ ਇਮਾਰਤ ਖੰਡਰ ਬਣ ਚੁਕੀ ਹੈ।
ਜਿਸ ਨਿੱਜੀ ਕੰਪਨੀ ਨੇ ਸਮਝੌਤੇ ਅਧੀਨ ਹਸਪਤਾਲ ਤਿਆਰ ਕਰ ਕੇ, ਮਰੀਜ਼ਾਂ ਲਈ ਸ਼ੁਰੂ ਕਰਨਾ ਸੀ, ਉਹਨੇ ਅੱਜ ਦਵਾਰਕਾ ਵਿਚ ਇਕ ਹੋਰ ਆਪਣਾ ਹਸਪਤਾਲ ਤਿਆਰ ਕਰ ਕੇ, ਸ਼ੁਰੂ ਕਰ ਦਿਤਾ ਹੋਇਆ ਹੈ, ਪਰ ਬਾਦਲਾਂ ਦੀ ਨਾਕਾਮੀ ਪੰਥਕ ਕਾਜ ਨੂੰ ਲੈ ਬੈਠੀ। ਹੁਣ ਬਾਦਲ ਦਲ ਦਿੱਲੀ ਦੇ ਸਿੱਖਾਂ ਨੂੰ ਝੂਠ ਬੋਲ ਕੇ, ਮੂਰਖ ਬਣਾਉਣ ਤੋਂ ਗੁਰੇਜ਼ ਕਰੇ।