
ਸੀਆਈਸੀ ਨੇ ਸਵਾਲ ਕੀਤਾ ਹੈ ਕਿ ਵਿਜੇਵਾੜਾ ਦੇ 16ਵੀਂ ਸਦੀ ਦੇ ਸ਼ਾਸਕ ਕ੍ਰਿਸ਼ਨਦੇਵ ਰਾਏ ਦੁਆਰਾ ਤਿਰੂਪਤੀ ਵਿਚ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਨੂੰ ਦਾਨ ਵਿਚ ਦਿਤੇ ਗਏ.........
ਨਵੀਂ ਦਿੱਲੀ : ਸੀਆਈਸੀ ਨੇ ਸਵਾਲ ਕੀਤਾ ਹੈ ਕਿ ਵਿਜੇਵਾੜਾ ਦੇ 16ਵੀਂ ਸਦੀ ਦੇ ਸ਼ਾਸਕ ਕ੍ਰਿਸ਼ਨਦੇਵ ਰਾਏ ਦੁਆਰਾ ਤਿਰੂਪਤੀ ਵਿਚ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਨੂੰ ਦਾਨ ਵਿਚ ਦਿਤੇ ਗਏ ਗਹਿਣੇ ਕਿਥੇ ਹਨ? ਕੇਂਦਰੀ ਸੂਚਨਾ ਕਮਿਸ਼ਨਰ ਨੇ ਭਾਰਤੀ ਪੁਰਾਤਤਵ ਵਿਭਾਗ, ਸਭਿਆਚਾਰ ਮੰਤਰਾਲਾ, ਆਂਧਰਾ ਪ੍ਰਦੇਸ਼ ਸਰਕਾਰ ਅਤੇ ਮੰਦਰ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਹੈ। ਸੂਚਨਾ ਕਮਿਸ਼ਨ ਸ੍ਰੀਧਰ ਨੇ ਸਖ਼ਤ ਹੁਕਮ ਵਿਚ ਪ੍ਰਧਾਨ ਮੰਤਰੀ ਦਫਤਰ ਨੂੰ ਇਹ ਵੀ ਜਨਤਕ ਕਰਨ ਲਈ ਕਿਹਾ ਕਿ ਕੇਂਦਰ ਸਰਕਾਰ ਨੇ ਤਿਰੂਮਲਾ ਮੰਦਰ ਨੂੰ ਕੌਮੀ ਯਾਦਗਾਰ ਐਲਾਨਣ ਅਤੇ ਵਿਸ਼ਵ ਵਿਰਾਸਤ ਢਾਂਚੇ ਅਤੇ ਗਹਿਣਿਆਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਨਿਯਮਾਂ ਨੂੰ ਲਾਗੂ
ਕਰਨ ਵਾਸਤੇ ਕਿਹੜੇ ਕਦਮਾਂ 'ਤੇ ਵਿਚਾਰ ਕੀਤਾ ਹੈ। ਕਮਿਸ਼ਨ ਬੀਕੇ ਐਸ ਆਰ ਆਯੰਗਰ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ ਕੋਲੋਂ ਪੁਛਣਾ ਚਾਹਿਆ ਸੀ ਕਿ ਟੀਟੀਡੀ ਤਿਰੂਮਲਾ ਮੰਦਰ ਨੂੰ ਇਤਿਹਾਸਕ ਅਤੇ ਰਾਸ਼ਟਰੀ ਵਿਰਾਸਤ ਦੀ ਯਾਦਗਾਰ ਐਲਾਨਣ ਦੀ ਉਨ੍ਹਾਂ ਦੀ ਬੇਨਤੀ 'ਤੇ ਕਿਹੜੇ ਕਦਮ ਚੁੱਕੇ ਹਨ। ਇਹ ਸਵਾਲ ਵੱਖ ਵੱਖ ਵਿਭਾਗਾਂ ਨੂੰ ਭੇਜਿਆ ਗਿਆ ਪਰ ਆਯੰਗਰ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ ਜਿਸ ਮਗਰੋਂ ਉਨ੍ਹਾਂ ਮਾਮਲੇ ਨੂੰ ਜਨਤਕ ਕੀਤੇ ਜਾਣ ਦੀ ਬੇਨਤੀ ਨਾਲ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਸੀ। (ਏਜੰਸੀ)