
ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਅਣਪਛਾਤੇ ਵਟਸਐਪ ਨੰਬਰ ਤੋਂ ਸੁਨੇਹਾ ਮਿਲਿਆ ਹੈ। ਜਿਸ ਵਿਚ ਪੰਜ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ।
ਕੁਰਕਸ਼ੇਤਰ: ਹਰਿਆਣਾ ਦੇ ਕੁਰਕਸ਼ੇਤਰ ਵਿਚ ਸਮਾਜਸੇਵੀ ਗੋਤਾਖੋਰ ਪ੍ਰਗਟ ਸਿੰਘ ਕੋਲੋਂ ਦਵਿੰਦਰ ਬੰਬੀਹਾ ਗਰੁੱਪ ਨੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਪੈਸੇ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਪ੍ਰਗਟ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੈ। ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਅਣਪਛਾਤੇ ਵਟਸਐਪ ਨੰਬਰ ਤੋਂ ਸੁਨੇਹਾ ਮਿਲਿਆ ਹੈ। ਜਿਸ ਵਿਚ ਪੰਜ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ।
ਇਸ ਤੋਂ ਬਾਅਦ ਫੇਸਬੁੱਕ 'ਤੇ ਵੀ ਅਜਿਹਾ ਹੀ ਮੈਸੇਜ ਆਇਆ। ਇਸ ਵਿਚ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗੈਂਗ ਦਾ ਗੈਂਗਸਟਰ ਦੱਸਿਆ ਅਤੇ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਜਿਸ ਵਟਸਐਪ ਨੰਬਰ ਤੋਂ ਉਸ ਨੂੰ ਧਮਕੀ ਮਿਲੀ ਹੈ, ਉਹ ਵਿਦੇਸ਼ੀ ਨੰਬਰ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੋਤਾਖੋਰ ਪ੍ਰਗਟ ਸਿੰਘ ਨੇ ਕਿਹਾ ਕਿ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ 5 ਲੱਖ ਰੁਪਏ ਦੀ ਫਿਰੌਤੀ ਨਾ ਦਿੱਤੀ ਗਈ ਤਾਂ ਇਕ ਮਹੀਨੇ ਦੇ ਅੰਦਰ ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ। ਧਮਕੀ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਡਰਿਆ ਹੋਇਆ ਹੈ। ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਇਸੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਕੁਰੂਕਸ਼ੇਤਰ ਦੇ ਐੱਸਪੀ ਸੁਰਿੰਦਰ ਭੌਰੀਆ ਨੂੰ ਮਿਲੇ ਹਨ।
ਕੁਰੂਕਸ਼ੇਤਰ ਦੇ ਐਸਪੀ ਸੁਰਿੰਦਰ ਭੌਰੀਆ ਨੇ ਦੱਸਿਆ ਕਿ ਸਾਈਬਰ ਵਿਭਾਗ ਨੂੰ ਉਸ ਨੰਬਰ ਅਤੇ ਫੇਸਬੁੱਕ ਆਈਡੀ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਇਹ ਸੰਦੇਸ਼ ਆਏ ਹਨ। ਜਲਦੀ ਹੀ ਪਤਾ ਲੱਗ ਜਾਵੇਗਾ ਕਿ ਫਿਰੌਤੀ ਮੰਗਣ ਵਾਲਾ ਦਵਿੰਦਰ ਬੰਬੀਹਾ ਗਰੁੱਪ ਦਾ ਗੈਂਗਸਟਰ ਹੈ ਜਾਂ ਕੋਈ ਹੋਰ ਉਸ ਦੇ ਨਾਂ 'ਤੇ ਫਿਰੌਤੀ ਮੰਗ ਰਿਹਾ ਹੈ।
ਦੱਸ ਦੇਈਏ ਕਿ ਸਮਾਜ ਸੇਵੀ ਪ੍ਰਗਟ ਸਿੰਘ 23 ਸਾਲਾਂ ਤੋਂ ਨਹਿਰਾਂ ਅਤੇ ਛੱਪੜਾਂ ਵਿਚ ਡੁੱਬੇ ਮਨੁੱਖਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਜਿਹੜੇ ਲੋਕ ਨਹਿਰ 'ਚ ਡੁੱਬਣ ਕਾਰਨ ਮਰ ਜਾਂਦੇ ਹਨ, ਉਹਨਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ 'ਚ ਜਾ ਕੇ ਮੁਫਤ 'ਚ ਬਾਹਰ ਕੱਢਣ ਦਾ ਕੰਮ ਕਰਦੇ ਹਨ। ਹੁਣ ਤੱਕ ਉਹ ਨਹਿਰਾਂ ਅਤੇ ਛੱਪੜਾਂ ਵਿਚੋਂ 15 ਹਜ਼ਾਰ ਤੋਂ ਵੱਧ ਲਾਸ਼ਾਂ ਕੱਢ ਚੁੱਕੇ ਹਨ। ਜਦਕਿ ਕਰੀਬ 3 ਹਜ਼ਾਰ ਲੋਕਾਂ ਨੂੰ ਪਾਣੀ 'ਚ ਡੁੱਬਣ ਤੋਂ ਬਚਾਇਆ ਗਿਆ ਹੈ।