ਵਸੀਅਤ ਵਿਚ ਜਤਾਈ ਸੀ ਸਰੀਰ ਦਾਨ ਕਰਨ ਦੀ ਇੱਛਾ
ਕਰਨਾਲ - ਭਾਰਤ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਚਾਵਲਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 92 ਸਾਲ ਦੀ ਉਮਰ 'ਚ ਕਰਨਾਲ ਦੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਸਰੀਰ ਦਾਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਮੁੱਚੇ ਪਰਿਵਾਰ ਅਤੇ ਜਾਣਕਾਰਾਂ ਨੇ ਨਿਰਮਲ ਕੁਟੀਆ ਵਿਖੇ ਮੱਥਾ ਟੇਕਿਆ। ਮਰਹੂਮ ਚਾਵਲਾ ਆਪਣੇ ਪਿੱਛੇ ਪੁੱਤਰ ਸੰਜੇ ਅਤੇ ਪੋਤੇ ਉਦੈ ਤੋਂ ਇਲਾਵਾ ਆਪਣੀਆਂ ਦੋ ਭੈਣਾਂ ਸੁਨੀਤਾ ਅਤੇ ਗੀਤਾ ਅਤੇ ਦੋ ਪੋਤੀਆਂ ਛੱਡ ਗਏ ਹਨ।
92 ਸਾਲਾ ਬਨਾਰਸੀ ਦਾਸ ਚਾਵਲਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਸੀਐਚਡੀ ਸਿਟੀ ਸਥਿਤ ਆਪਣੇ ਬੇਟੇ ਸੰਜੇ ਦੇ ਫਲੈਟ 'ਚ ਜ਼ੇਰੇ ਇਲਾਜ ਸੀ। ਇਸ ਦੌਰਾਨ ਅਚਾਨਕ ਉਹਨਾਂ ਦੀ ਤਬੀਅਤ ਵਿਗੜਨ 'ਤੇ ਉਸ ਨੂੰ ਆਈ.ਟੀ.ਆਈ ਚੌਕ ਨੇੜੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਦੇਰ ਰਾਤ ਉਹਨਾਂ ਨੇ ਆਖਰੀ ਸਾਹ ਲਿਆ।
ਉਹਨਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਹਸਪਤਾਲ 'ਚ ਲੋਕਾਂ ਦੀ ਭੀੜ ਲੱਗ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਰਨਾਲ ਸ਼ਹਿਰ ਦੇ ਪਤਵੰਤਿਆਂ ਨੇ ਕਿਹਾ ਕਿ ਪੁਲਾੜ ਯਾਤਰੀ ਕਲਪਨਾ ਚਾਵਲਾ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਪਿਤਾ ਸਵਰਗੀ ਬਨਾਰਸੀ ਲਾਲ ਚਾਵਲਾ, ਜਿਨ੍ਹਾਂ ਨੇ ਕਰਨਾਲ ਨੂੰ ਪੂਰੀ ਦੁਨੀਆ 'ਚ ਨਾਮਣਾ ਖੱਟਿਆ, ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਕਲਪਨਾ ਚਾਵਲਾ ਦੀ ਮੁਢਲੀ ਸਿੱਖਿਆ ਦੇ ਗਵਾਹ ਟੈਗੋਰ ਬਾਲ ਨਿਕੇਤਨ ਦੇ ਪ੍ਰਿੰਸੀਪਲ ਡਾ: ਰਾਜਨ ਲਾਂਬਾ ਨੇ ਕਿਹਾ ਕਿ ਮਰਹੂਮ ਚਾਵਲਾ ਸਾਰੀ ਉਮਰ ਸਮਾਜ ਸੇਵਾ ਨੂੰ ਸਮਰਪਿਤ ਰਹੇ। ਉਨ੍ਹਾਂ ਦੇ ਯਤਨਾਂ ਸਦਕਾ ਅੱਜ ਕਰਨਾਲ ਵਿਚ ਲੋੜਵੰਦਾਂ ਦੀ ਮਦਦ ਲਈ ਕਈ ਕੰਮ ਕੀਤੇ ਜਾ ਰਹੇ ਹਨ। ਮਰਹੂਮ ਚਾਵਲਾ ਦੇ ਪੋਤੇ ਉਦੈ ਨੇ ਦੱਸਿਆ ਕਿ ਉਨ੍ਹਾਂ ਦੀ ਵਸੀਅਤ ਵਿਚ ਦਾਦਾ ਜੀ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਦਾਨ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸੇ ਤਹਿਤ ਉਹਨਾਂ ਦਾ ਸਰੀਰ ਦਾਨ ਕੀਤਾ ਗਿਆ ਹੈ।