97 ਤੇਜਸ ਮਾਰਕ 1ਏ ਜਹਾਜ਼ ਖਰੀਦਣ ਦਾ ਇਕਰਾਰਨਾਮਾ ਜਲਦੀ ਹੀ ਪੂਰਾ ਕੀਤਾ ਜਾਵੇਗਾ : ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ
ਨਵੀਂ ਦਿੱਲੀ: ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਸਰਹੱਦੀ ਵਿਵਾਦ ’ਤੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਫ਼ੌਜ ਦੀਆਂ ਮੁਹਿੰਮ ਅਧੀਨ ਸੰਚਾਲਨ ਯੋਜਨਾਵਾਂ ਬਹੁਤ ਮਜ਼ਬੂਤ ਹਨ ਅਤੇ ਇਹ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਜਿੱਥੇ ਵੀ ਇਹ ‘ਦੁਸ਼ਮਣ ਦੀ ਗਿਣਤੀ ਜਾਂ ਤਾਕਤ’ ਦਾ ਮੁਕਾਬਲਾ ਨਹੀਂ ਕਰ ਸਕਦੀ, ਉੱਥੇ ਇਹ ਬਿਹਤਰ ਤਰਕੀਬਾਂ ਅਤੇ ਸਿਖਲਾਈ ਰਾਹੀਂ ਚੁਨੌਤੀਆਂ ਨਾਲ ਨਜਿੱਠੇਗੀ।
8 ਅਕਤੂਬਰ ਨੂੰ ਮਨਾਏ ਜਾ ਰਹੇ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ’ਚ ਬੋਲਦਿਆਂ, ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਖੇਤਰ ’ਚ ਸਰਹੱਦ ’ਤੇ ਹਵਾਈ ਸੈਨਾ ਦੀ ਤਾਇਨਾਤੀ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ (ਦੋਵਾਂ ਦੇਸ਼ਾਂ ਦੀਆਂ) ਫੌਜਾਂ ਬਾਕੀ ਸੰਘਰਸ਼ ਵਾਲੇ ਖੇਤਰਾਂ ਤੋਂ ਵਾਪਸ ਨਹੀਂ ਲੈ ਜਾਂਦੀਆਂ।
ਹਵਾਈ ਸੈਨਾ ਦੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲਗਭਗ 1.15 ਲੱਖ ਕਰੋੜ ਰੁਪਏ ਦੀ ਲਾਗਤ ਨਾਲ 97 ਤੇਜਸ ਮਾਰਕ 1ਏ ਜਹਾਜ਼ ਖਰੀਦਣ ਦਾ ਇਕਰਾਰਨਾਮਾ ਜਲਦੀ ਹੀ ਪੂਰਾ ਕੀਤਾ ਜਾਵੇਗਾ। ਫਰਵਰੀ 2021 ਵਿੱਚ, ਰੱਖਿਆ ਮੰਤਰਾਲੇ ਨੇ ਅਜਿਹੇ 83 ਜਹਾਜ਼ਾਂ ਦੀ ਖਰੀਦ ਲਈ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨਾਲ 48,000 ਕਰੋੜ ਰੁਪਏ ਦੇ ਸੌਦੇ ’ਤੇ ਹਸਤਾਖਰ ਕੀਤੇ ਸਨ।
ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ ਕਿ ਹਵਾਈ ਸੈਨਾ ਅਗਲੇ ਸੱਤ-ਅੱਠ ਸਾਲਾਂ ’ਚ 2.5-3 ਲੱਖ ਕਰੋੜ ਰੁਪਏ ਦੇ ਮਿਲਟਰੀ ਪਲੇਟਫਾਰਮ, ਉਪਕਰਣ ਅਤੇ ਹਾਰਡਵੇਅਰ ਨੂੰ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੀ ਹੈ।
ਚੀਨ ਵਲੋਂ ਫੌਜੀ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਵਿਸਤਾਰ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਹਵਾਈ ਸੰਪਤੀਆਂ ਦੀ ਤਾਇਨਾਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਵਾਈ ਸੈਨਾ ਆਈ.ਐੱਸ.ਆਰ. (ਖੁਫੀਆ, ਨਿਗਰਾਨੀ ਅਤੇ ਖੋਜ) ਵਿਧੀ ਰਾਹੀਂ ਸਰਹੱਦ ਪਾਰ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ।
ਉਨ੍ਹਾਂ ਕਿਹਾ, ‘‘ਹਾਲਾਤ ਉਹੀ ਰਹੇਗੀ ਜੋ ਪਿਛਲੇ ਇਕ ਸਾਲ ’ਚ ਸੀ। ਕੁਝ ਸੰਘਰਸ਼ ਵਾਲੇ ਖੇਤਰਾਂ ਤੋਂ ਫੌਜਾਂ ਨੂੰ ਹਟਾ ਲਿਆ ਗਿਆ ਹੈ। ਪਰ ਉਨ੍ਹਾਂ ਨੂੰ ਅਜੇ ਤਕ ਪੂਰੀ ਤਰ੍ਹਾਂ ਹਟਾਇਆ ਨਹੀਂ ਗਿਆ ਹੈ।’’ ਹਵਾਈ ਸੈਨਾ ਦੇ ਮੁਖੀ ਨੇ ਅੱਗੇ ਕਿਹਾ, ‘‘ਅਸੀਂ ਉਦੋਂ ਤਕ ਤਾਇਨਾਤ ਰਹਾਂਗੇ ਜਦੋਂ ਤਕ ਸੈਨਿਕਾਂ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਲਿਆ ਜਾਂਦਾ।’’