ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
Telangana Assembly Election Results 2023: ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਚੋਣ ਕਮਿਸ਼ਨ ਮੁਤਾਬਕ ਸੂਬੇ ਦੀਆਂ ਕੁੱਲ 119 ਵਿਧਾਨ ਸਭਾ ਸੀਟਾਂ 'ਚੋਂ ਕਾਂਗਰਸ 64 'ਤੇ ਅੱਗੇ ਹੈ। ਪਾਰਟੀ ਨੇ ਹੁਣ ਤਕ 61 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਉਹ 3 'ਤੇ ਅੱਗੇ ਹੈ। ਸੂਬੇ 'ਚ ਸਰਕਾਰ ਬਣਾਉਣ ਲਈ 60 ਸੀਟਾਂ ਦੀ ਲੋੜ ਹੈ।
ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੇ 33 ਸੀਟਾਂ ਜਿੱਤੀਆਂ ਹਨ ਅਤੇ 6 'ਤੇ ਅੱਗੇ ਚੱਲ ਰਹੀ ਹੈ। ਭਾਜਪਾ ਨੇ ਹੁਣ ਤਕ 8 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਏਆਈਐਮਆਈਐਮ ਨੇ 5 ਸੀਟਾਂ ਜਿੱਤੀਆਂ ਹਨ, ਜਦਕਿ ਉਹ 2 'ਤੇ ਅੱਗੇ ਹੈ। ਇਕ ਸੀਟ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਹਿੱਸੇ ਆਈ ਹੈ।
ਮੁੱਖ ਮੰਤਰੀ ਕੇਸੀਆਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਭਾਜਪਾ ਉਮੀਦਵਾਰ ਤੋਂ ਹਾਰੇ
ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਕਾਮਰੇਡੀ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਕੇਵੀ ਰਮਨਾ ਨੇ ਹਰਾਇਆ ਹੈ। ਇਸੇ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰਾ ਰੇਵੰਤ ਰੈਡੀ ਵੀ ਚੋਣ ਲੜ ਰਹੇ ਸਨ। ਉਹ ਤੀਜੇ ਸਥਾਨ 'ਤੇ ਰਹੇ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿਤੀ।
ਕਾਮਰੇਡੀ ਤੋਂ ਇਲਾਵਾ ਮੁੱਖ ਮੰਤਰੀ ਕੇਸੀਆਰ ਗਜਵੇਲ ਤੋਂ ਵੀ ਚੋਣ ਲੜ ਰਹੇ ਸਨ। ਉਨ੍ਹਾਂ ਨੇ ਅਪਣੀ ਰਵਾਇਤੀ ਸੀਟ ਗਜਵੇਲ ਤੋਂ ਚੋਣ ਜਿੱਤੀ ਹੈ। ਰੇਵੰਤ ਰੈਡੀ ਵੀ ਦੋ ਸੀਟਾਂ ਕੋਡਂਗਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਵੀ ਕੋਡੰਗਲ ਤੋਂ ਅਪਣੀ ਦੂਜੀ ਸੀਟ ਜਿੱਤੀ ਹੈ।
ਭਾਜਪਾ ਵਲੋਂ ਮੈਦਾਨ 'ਚ ਉਤਾਰੇ ਗਏ ਤਿੰਨ ਮੌਜੂਦਾ ਸੰਸਦ ਮੈਂਬਰਾਂ 'ਚ ਸਾਬਕਾ ਸੂਬਾਈ ਇਕਾਈ ਦੇ ਪ੍ਰਧਾਨ ਬੰਦੀ ਸੰਜੇ ਕੁਮਾਰ ਕਰੀਮਨਗਰ ਵਿਧਾਨ ਸਭਾ ਸੀਟ ਤੋਂ, ਨਿਜ਼ਾਮਾਬਾਦ ਦੇ ਸੰਸਦ ਧਰਮਪੁਰੀ ਅਰਵਿੰਦ ਕੋਰਤਲਾ ਤੋਂ ਅਤੇ ਆਦਿਲਾਬਾਦ ਤੋਂ ਸੰਸਦ ਮੈਂਬਰ ਸੋਯਮ ਬਾਪੂ ਰਾਓ ਪਿੱਛੇ ਚੱਲ ਰਹੇ ਹਨ। ਗੋਸ਼ਾਮਹਿਲ ਤੋਂ ਭਾਜਪਾ ਦੇ ਟੀ ਰਾਜਾ ਸਿੰਘ ਅੱਗੇ ਚੱਲ ਰਹੇ ਹਨ।
ਵੱਡੇ ਚਿਹਰਿਆਂ 'ਚ ਮੁੱਖ ਮੰਤਰੀ ਦੇ ਪੁੱਤਰ ਅਤੇ ਰਾਜ ਮੰਤਰੀ ਕੇਟੀਆਰ ਸਰਕਿਲਾ ਸੀਟ ਤੋਂ ਅੱਗੇ ਚੱਲ ਰਹੇ ਹਨ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਚੰਦਰਯਾਨਗੁਟਾ ਸੀਟ ਤੋਂ ਅੱਗੇ ਹਨ। ਕਾਂਗਰਸ ਦੇ ਜੁਬਲੀ ਹਿਲਸ ਉਮੀਦਵਾਰ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਪਿੱਛੇ ਚੱਲ ਰਹੇ ਹਨ।
ਕਾਂਗਰਸ ਵਲੋਂ ਤਾਜ ਹੋਟਲ ਵਿਚ ਕਮਰੇ ਬੁੱਕ
ਤੇਲੰਗਾਨਾ ਪ੍ਰਦੇਸ਼ ਕਾਂਗਰਸ ਨੇ ਸੂਬੇ ਵਿਚ ਅਪਣੀ ਸੰਭਾਵਤ ਜਿੱਤ ਦੇ ਮੱਦੇਨਜ਼ਰ ਤਾਜ ਹੋਟਲ ਵਿਚ ਕਮਰੇ ਬੁੱਕ ਕਰਵਾਏ ਹਨ। ਹੋਟਲ ਦੇ ਬਾਹਰ 3 ਲਗਜ਼ਰੀ ਬੱਸਾਂ ਵੀ ਖੜੀਆਂ ਹਨ। ਕਾਂਗਰਸ ਅਪਣੇ ਵਿਧਾਇਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਾਰਸ ਟ੍ਰੇਡਿੰਗ ਤੋਂ ਬਚਣ ਲਈ ਰੋਕ ਰਹੀ ਹੈ। ਜਿੱਤਣ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਹੈਦਰਾਬਾਦ ਆਉਣ ਦੇ ਨਿਰਦੇਸ਼ ਦਿਤੇ ਗਏ ਹਨ।