
New Delhi :ਪਾਣੀ ਦੇ ਗ਼ਲਤ ਬਿੱਲ ਭਰਨ ਦੀ ਲੋੜ ਨਹੀਂ, ਚੋਣਾਂ ਜਿੱਤਣ ਤੋਂ ਬਾਅਦ ਅਸੀਂ ਕਰਾਂਗੇ ਮੁਆਫ਼
New Delhi: ਦਿੱਲੀ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਦਿੱਲੀ ਵਾਸੀਆਂ ਲਈ ਇਕ ਨਵਾਂ ਐਲਾਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਾਣੀ ਦੇ ਬਿੱਲ ਗ਼ਲਤ ਹਨ। ਉਨ੍ਹਾਂ ਨੂੰ ਉਸ ਗ਼ਲਤ ਬਿੱਲ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ। ਚੋਣਾਂ ਤੋਂ ਬਾਅਦ ਜਦੋਂ ਮੁੜ ਸਾਡੀ ਸਰਕਾਰ ਆਈ ਤਾਂ ਮੁਆਫ਼ ਕਰ ਦੇਵਾਂਗੇ। ਇਹ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ, ਅੱਜ ਫਿਰ ਕਹਿ ਰਿਹਾ ਹਾਂ।
ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ, ‘ਦਿੱਲੀ ਸਰਕਾਰ ਲੋਕਾਂ ਨੂੰ ਮੁਫ਼ਤ ਪਾਣੀ ਦੇ ਰਹੀ ਹੈ। ਹਰ ਪਰਵਾਰ ਨੂੰ 20-20 ਹਜ਼ਾਰ ਲੀਟਰ ਪਾਣੀ ਮੁਫ਼ਤ ਦਿਤਾ ਜਾਂਦਾ ਹੈ। ਦਿੱਲੀ ਵਿਚ 12 ਲੱਖ ਤੋਂ ਵੱਧ ਪ੍ਰਵਾਰਾਂ ਦੇ ਬਿੱਲ ਜ਼ੀਰੋ ਹਨ। ਪਰ ਜਦੋਂ ਮੈਂ ਜੇਲ ਗਿਆ ਤਾਂ ਇਨ੍ਹਾਂ ਲੋਕਾਂ ਨੇ ਪਿੱਛੇ ਤੋਂ ਪਤਾ ਨਹੀਂ ਕੀ ਕੀਤਾ। ਕੁਝ ਤਾਂ ਗੜਬੜੀ ਕੀਤੀ ਜੋ ਲੋਕਾਂ ਦੇ ਲੱਖਾਂ-ਹਜ਼ਾਰਾਂ ਰੁਪਏ ਦੇ ਪਾਣੀ ਦੇ ਬਿੱਲ ਆਉਣ ਲੱਗੇ। ਲੋਕ ਅਪਣੇ ਪਾਣੀ ਦੇ ਬਿਲਾਂ ਬਾਰੇ ਚਿੰਤਤ ਹਨ। ਦਿੱਲੀ ਦੇ ਲੋਕ ਕਿਸੇ ਗੱਲ ਨੂੰ ਲੈ ਕੇ ਦੁਖੀ, ਪ੍ਰੇਸ਼ਾਨ ਹੋਣ, ਇਹ ਸਾਨੂੰ ਬਰਦਾਸ਼ਤ ਨਹੀਂ।
ਮੈਂ ਪਹਿਲਾਂ ਵੀ ਕਈ ਮੰਚਾਂ ਤੋਂ ਐਲਾਨ ਕਰ ਚੁੱਕਾ ਹਾਂ ਪਰ ਅੱਜ ਜਨਤਕ ਮੰਚ ਤੋਂ ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬਿੱਲ ਗ਼ਲਤ ਹਨ। ਹਜ਼ਾਰਾਂ-ਲੱਖਾਂ ਦੇ ਜੋ ਬਿੱਲ ਆਏ ਹਨ ਉਹ ਗ਼ਲਤ ਹਨ, ਉਨ੍ਹਾਂ ਲੋਕਾਂ ਨੂੰ ਅਪਣੇ ਪਾਣੀ ਦੇ ਬਿੱਲ ਭਰਨ ਦੀ ਲੋੜ ਨਹੀਂ ਹੈ। ਉਹ ਉਡੀਕ ਕਰਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਚੋਣਾਂ ਤੋਂ ਬਾਅਦ ਅਸੀਂ ਉਨ੍ਹਾਂ ਦੇ ਬਿਲਾਂ ਨੂੰ ਮੁਆਫ਼ ਕਰਵਾਵਾਂਗੇ। ਇਹ ਮੇਰੀ ਸਾਰੇ ਲੋਕਾਂ ਗਾਰੰਟੀ ਹੈ।